ਅੰਮ੍ਰਿਤਸਰ (ਮਨਮੀਤ ਕੌਰ)- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਸੱਤਵੇਂ ਪੜਾਅ ਤਹਿਤ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ 328 ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਦੀ ਕਿਸਮਤ EVM 'ਚ ਬੰਦ ਹੋ ਜਾਵੇਗੀ।
ਕਾਂਗਰਸ ਕੌਮੀ ਪੱਧਰ ਦੀ ਗਰੰਟੀ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ। ਆਮ ਆਦਮੀ ਪਾਰਟੀ ਆਪਣੇ ਦੋ ਸਾਲਾਂ ਦੇ ਕੰਮ ਨੂੰ ਲੋਕਾਂ ਵਿਚਕਾਰ ਲੈ ਕੇ ਇਹ ਚੋਣਾਂ ਲੜ ਰਹੀ ਹੈ। ਪੰਜਾਬ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਨਾਲ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੀ ਖੇਤਰੀ ਪਾਰਟੀ ਹੋਣ ਦੇ ਨਾਂ ’ਤੇ ਲੋਕਾਂ ਦਾ ਸਮਰਥਨ ਮੰਗ ਰਿਹਾ ਹੈ। ਇਸ ਵਾਰ ਚੋਣਾਂ 'ਚ ਸਾਰੀਆਂ ਪਾਰਟੀਆਂ ਨੇ ਆਪਣੇ ਤਾਕਤਵਰ ਨੇਤਾਵਾਂ ਨੂੰ ਮੈਦਾਨ 'ਚ ਉਤਾਰਿਆ ਹੈ, ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ, ਸਾਬਕਾ ਉਪ ਮੁੱਖ ਮੰਤਰੀ, ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਕਲਾਕਾਰ ਸ਼ਾਮਲ ਹਨ।
ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ, ਵਿਧਾਇਕ ਸੁਖਪਾਲ ਖਹਿਰਾ, ਸੰਸਦ ਮੈਂਬਰ ਅਮਰ ਸਿੰਘ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ‘ਆਪ’ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਬਲਵੀਰ ਸਿੰਘ, ਲਾਲਜੀਤ ਭੁੱਲਰ, ਗੁਰਮੀਤ ਸਿੰਘ ਖੁੱਡੀਆਂ, ਕੁਲਦੀਪ ਸਿੰਘ ਧਾਲੀਵਾਲ ਅਤੇ ਕਾਮੇਡੀਅਨ ਤੇ ਫਿਲਮ ਅਦਾਕਾਰ ਕਰਮਜੀਤ ਅਨਮੋਲ ਚੋਣ ਲੜ ਰਹੇ ਹਨ।
ਜਦਕਿ ਭਾਜਪਾ ਨੇ ਸੰਸਦ ਮੈਂਬਰ ਅਤੇ ਗਾਇਕ ਹੰਸ ਰਾਜ ਹੰਸ, ਸੰਸਦ ਮੈਂਬਰ ਸੁਸ਼ੀਲ ਰਿੰਕੂ, ਪ੍ਰਨੀਤ ਕੌਰ, ਅਨੀਤਾ ਸੋਮਪ੍ਰਕਾਸ਼, ਤਰਨਜੀਤ ਸੰਧੂ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ 'ਤੇ ਆਪਣਾ ਦਾਅ ਲਗਾਇਆ ਹੈ। ਅਕਾਲੀ ਦਲ ਨੇ ਇਸ ਵਾਰ ਵੀ ਸੀਨੀਅਰ ਆਗੂਆਂ ਨੂੰ ਤਰਜੀਹ ਦਿੱਤੀ ਹੈ। ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ, ਅਨਿਲ ਜੋਸ਼ੀ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਲਜੀਤ ਚੀਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।