ਲੰਡਨ ‘ਚ ਸ਼ਾਹੀ ਸੁਰੱਖਿਆ ਟੀਮ ਦੇ ਘੋੜੇ ਬੱਸ ਨਾਲ ਟੱਕਰਾ ਜਖਮੀ ਹੋਏ

by nripost

ਲੰਡਨ (ਸਰਬ)— ਬੀਤੇ ਦਿਨ ਲੰਡਨ ਦੀਆਂ ਗਲੀਆਂ 'ਚ ਅਚਾਨਕ ਹੋਈ ਘੋੜ ਦੌੜ ਨੇ ਸਭ ਨੂੰ ਹੈਰਾਨ ਕਰ ਦਿੱਤਾ। ਬ੍ਰਿਟੇਨ ਦੀ ਰਾਜਧਾਨੀ 'ਚ ਪੰਜ ਘੋੜੇ ਬੇਕਾਬੂ ਹੋ ਕੇ ਸੜਕਾਂ 'ਤੇ ਦੌੜਦੇ ਦੇਖੇ ਗਏ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਨ੍ਹਾਂ ਵਿੱਚੋਂ ਕੁਝ ਘੋੜੇ ਜ਼ਖ਼ਮੀ ਵੀ ਹੋਏ ਸਨ ਅਤੇ ਉਨ੍ਹਾਂ ਦੇ ਸਰੀਰਾਂ ਵਿੱਚੋਂ ਖੂਨ ਵਹਿ ਰਿਹਾ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ।

ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਘੋੜਿਆਂ ਨੂੰ ਕਾਬੂ ਕਰਕੇ ਇਲਾਜ ਲਈ ਭੇਜ ਦਿੱਤਾ। ਬਾਅਦ ਵਿਚ ਪਤਾ ਲੱਗਾ ਕਿ ਇਹ ਸਾਰੇ ਘੋੜੇ ਬ੍ਰਿਟਿਸ਼ ਫੌਜ ਦੇ ਸਨ, ਜੋ ਸ਼ਾਹੀ ਪਰਿਵਾਰ ਦੀ ਸੁਰੱਖਿਆ ਯੂਨਿਟ ਦਾ ਹਿੱਸਾ ਹਨ। ਇਹ ਘੋੜੇ ਐਲਡਵਿਚ ਰੋਡ 'ਤੇ ਦੌੜ ਰਹੇ ਸਨ, ਜਿਸ ਕਾਰਨ ਕੇਂਦਰੀ ਲੰਡਨ ਵਿਚ ਟ੍ਰੈਫਿਕ ਜਾਮ ਹੋ ਗਿਆ ਸੀ। ਇਸ ਦੌਰਾਨ ਘੋੜੇ ਇੱਕ ਡਬਲ ਡੈਕਰ ਬੱਸ ਅਤੇ ਕਈ ਵਾਹਨਾਂ ਨਾਲ ਟਕਰਾ ਗਏ। ਇਸ ਘਟਨਾ ਕਾਰਨ ਘੋੜੇ ਜ਼ਖਮੀ ਹੋ ਗਏ।

ਬ੍ਰਿਟਿਸ਼ ਆਰਮੀ ਨੇ ਦੱਸਿਆ ਕਿ ਬੇਲਗਰਾਵੀਆ ਨੇੜੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਘੋੜੇ ਉੱਚੀ ਆਵਾਜ਼ ਤੋਂ ਘਬਰਾ ਗਏ ਅਤੇ ਆਪਣੇ ਸਵਾਰਾਂ ਨੂੰ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਮੁੱਖ ਸੜਕ 'ਤੇ ਦੌੜਨ ਲੱਗੇ। ਘੋੜੇ ਸੜਕ 'ਤੇ ਕੁਝ ਕਾਰਾਂ ਅਤੇ ਇੱਕ ਡਬਲ ਡੈਕਰ ਬੱਸ ਨਾਲ ਟਕਰਾ ਗਏ, ਨਤੀਜੇ ਵਜੋਂ ਜ਼ਖਮੀ ਹੋ ਗਏ।