ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਭਾਜਪਾ ਲਈ ਵੋਟਾਂ ਮੰਗਕੇ ਪਟਿਆਲਾ ਵਿੱਚ ਪਤਨੀ ਦਾ ਸਾਥ ਦੇਣ ਲਈ ਕਿਹਾ

by jagjeetkaur

ਪਟਿਆਲਾ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ੇਸ਼ ਪੱਤਰ ਜਾਰੀ ਕੀਤਾ। ਆਪਣੇ ਪੱਤਰ ਵਿੱਚ ਉਨ੍ਹਾਂ ਲਿਖਿਆ ਹੈ ਕਿ ਉਹ ਖ਼ਰਾਬ ਸਿਹਤ ਕਾਰਨ ਲੋਕ ਸਭਾ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇ। ਉਨ੍ਹਾਂ ਕਿਹਾ ਕਿ ਇਸ ਪੱਤਰ ਰਾਹੀਂ ਉਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਇੱਕ ਖੁਸ਼ਹਾਲ ਅਤੇ ਵਿਕਸਤ ਪੰਜਾਬ ਦੇ ਸਾਡੇ ਸਾਂਝੇ ਸੁਪਨੇ ਲਈ ਤੁਹਾਨੂੰ ਸਾਰਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਨੂੰ ਸਮਰਪਿਤ ਹੋ ਕੇ ਪੂਰੀ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰ ਰਹੇ ਹਨ। 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਕੋਈ ਆਮ ਚੋਣਾਂ ਨਹੀਂ ਹਨ, ਸਗੋਂ ਇਹ ਚੋਣ ਸਾਡੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਫੈਸਲਾਕੁੰਨ ਪਲ ਹੈ।

ਇਹ ਚੋਣ ਇੱਕ ਅਜਿਹਾ ਰਾਹ ਚੁਣਨ ਦੀ ਹੈ ਜੋ ਵਿਕਸਤ ਪੰਜਾਬ ਵੱਲ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇੱਕ ਵਿਕਸਤ ਅਤੇ ਖੁਸ਼ਹਾਲ ਪੰਜਾਬ ਹੋਵੇਗਾ ਜਿੱਥੇ ਹਰ ਨਾਗਰਿਕ ਨੂੰ ਤਰੱਕੀ ਅਤੇ ਖੁਸ਼ਹਾਲੀ ਦਾ ਲਾਭ ਮਿਲੇਗਾ। ਲੋਕਾਂ ਦੇ ਲਗਾਤਾਰ ਵੱਧ ਰਹੇ ਸਮਰਥਨ ਨਾਲ ਮੈਨੂੰ ਪੂਰਾ ਭਰੋਸਾ ਹੈ ਕਿ ਪਟਿਆਲਾ ਅਤੇ ਪੂਰੇ ਪੰਜਾਬ ਵਿੱਚ ਭਾਜਪਾ ਦੀ ਜਿੱਤ ਯਕੀਨੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਭਾਜਪਾ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਮੇਰੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਚੋਣ ਲੜ ਰਹੀ ਹੈ। ਮੈਂ ਵਿਸ਼ੇਸ਼ ਤੌਰ ‘ਤੇ ਪਟਿਆਲਾ ਲੋਕ ਸਭਾ ਦੇ ਨਾਗਰਿਕਾਂ ਨੂੰ ਵੱਡੀ ਗਿਣਤੀ ‘ਚ ਕਮਲ ਦਾ ਬਟਨ ਦਬਾ ਕੇ ਭਾਜਪਾ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਹਾਂ।