ਅਕਾਲੀ ਦਲ ਨੇ ਜਨਤਕ ਕੀਤੇ ਐਲਾਨੇ ਲੋਕ ਸਭਾ ਉਮੀਦਵਾਰਾਂ ਦੇ ਅਪਰਾਧਿਕ ਰਿਕਾਰਡ ਜਨਤਕ

by nripost

ਚੰਡੀਗੜ੍ਹ (ਰਾਘਵ) : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਐਲਾਨੇ ਗਏ ਪਾਰਟੀ ਦੇ ਉਮੀਦਵਾਰਾਂ ’ਚੋਂ 4 ਉਮੀਦਵਾਰਾਂ ਦਾ ਅਪਰਾਧਿਕ ਰਿਕਾਰਡ ਜਨਤਕ ਕਰ ਦਿੱਤਾ ਹੈ। ਪਾਰਟੀ ਨੇ ਫੇਸਬੁੱਕ ਪੇਜ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਗੁਰਦਾਸਪੁਰ ਤੋਂ ਚੋਣ ਅਖਾੜੇ ’ਚ ਉਤਾਰੇ ਗਏ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦਾ ਨਾਂ ਪਹਿਲੇ ਸਥਾਨ ’ਤੇ ਹੈ। ਉਨ੍ਹਾਂ ਦੇ ਅਪਰਾਧਿਕ ਰਿਕਾਰਡ ’ਚ 6 ਨਵੰਬਰ 2021 ਨੂੰ ਚੰਡੀਗੜ੍ਹ ’ਚ ਦਰਜ ਕੀਤੀ ਗਈ FIR ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਖ਼ਿਲਾਫ਼ ਜਨਤਕ ਕੰਮ ’ਚ ਅੜਿੱਕਾ ਪਾਉਣ ’ਤੇ FIR ਦਰਜ ਕੀਤੀ ਗਈ ਸੀ।

ਦੂਜੇ ਸਥਾਨ ’ਤੇ ਅੰਮ੍ਰਿਤਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਖ਼ਿਲਾਫ਼ ਅੰਮ੍ਰਿਤਸਰ ’ਚ 31 ਅਗਸਤ 2021 ਨੂੰ FIR ਦਰਜ ਕੀਤੀ ਗਈ ਸੀ। ਮਾਮਲੇ ’ਚ ਜਾਂਚ ਜਾਰੀ ਹੈ ਤੇ ਹੁਣ ਤਕ ਚਲਾਨ ਪੇਸ਼ ਨਹੀਂ ਕੀਤਾ ਗਿਆ। ਰਿਕਾਰਡ ’ਚ ਲਿਖਿਆ ਗਿਆ ਹੈ ਕਿ ਜੋਸ਼ੀ ਖ਼ਿਲਾਫ਼ IPC ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ’ਤੇ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਸੀ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਖ਼ਿਲਾਫ਼ 2 FIR ਦਰਜ ਹਨ। ਤਤਕਾਲੀ ਮੁੱਖ ਮੰਤਰੀ ਦੀ ਚੰਡੀਗੜ੍ਹ ’ਚ ਰਿਹਾਇਸ਼ ਦੇ ਬਾਹਰ ਧਰਨਾ ਦੇਣ ਤੇ ਸਰਕਾਰੀ ਕੰਮ ’ਚ ਅੜਿੱਕਾ ਪਾਉਣ ਦੇ ਮਾਮਲੇ ’ਚ ਚੰਦੂਮਾਜਰਾ ਖਿਲਾਫ FIR ਦਰਜ ਹੋਈ ਸੀ। ਉੱਥੇ ਹੀ ਪਟਿਆਲਾ ਤੋਂ ਉਮੀਦਵਾਰ NK ਸ਼ਰਮਾ ਖਿਲਾਫ਼ 3 ਮਾਮਲਿਆਂ ’ਚ FIR ਦਰਜ ਹਨ।