ਅੱਜ ਫੈਡਰਲ ਬਜਟ ਪੇਸ਼ ਕਰੇਗੀ ਕੈਨੇਡਾ ਸਰਕਾਰ, ਮਹਿੰਗਾਈ ਨਾਲ ਝੂਜ ਰਹੇ ਕੈਨੇਡੀਅਨਜ਼ ਦਾ ਵਿਸ਼ਵਾਸ ਮੁੜ ਹਾਸਲ ‘ਤੇ ਹੋਵੇਗਾ ਜ਼ੋਰ!

by nripost

ਓਟਵਾ (ਸਰਬ) : ਮੰਗਲਵਾਰ ਦੁਪਹਿਰ ਨੂੰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਹਾਊਸ ਆਫ ਕਾਮਨਜ਼ ਵਿੱਚ ਫੈਡਰਲ ਬਜਟ ਪੇਸ਼ ਕੀਤਾ ਜਾਵੇਗਾ। ਮੰਹਿਗਾਈ ਦੇ ਇਸ ਦੌਰ ਵਿੱਚ ਮੁਸ਼ਕਲ ਨਾਲ ਗੁਜ਼ਾਰਾ ਕਰਨ ਲਈ ਮਜਬੂਰ ਕੈਨੇਡੀਅਨਜ਼ ਦਾ ਵਿਸ਼ਵਾਸ ਮੁੜ ਹਾਸਲ ਕਰਨ ਵਾਸਤੇ ਸਰਕਾਰ ਆਪਣੇ ਬਜਟ ਰਾਹੀਂ ਆਪਣੀ ਯੋਜਨਾ ਦਾ ਖੁਲਾਸਾ ਕਰੇਗੀ।

ਦੱਸ ਦੇਈਏ ਕਿ ਲਿਬਰਲ ਸਰਕਾਰ ਪਿਛਲੇ ਕੁੱਝ ਦਿਨਾਂ ਵਿੱਚ ਬਜਟ ਦੇ ਕਈ ਹਿੱਸਿਆਂ ਨੂੰ ਉਜਾਗਰ ਕਰ ਚੁੱਕੀ ਹੈ ਤੇ ਆਪਣੇ ਖਰਚਿਆਂ ਦੀਆਂ ਯੋਜਨਾਵਾਂ ਤੋਂ ਵੀ ਪਰਦਾ ਹਟਾ ਚੁੱਕੀ ਹੈ ਪਰ ਵੇਖਣ ਵਾਲੀ ਇਹ ਗੱਲ ਹੈ ਕਿ ਬਜਟ ਪੇਸ਼ ਹੋਣ ਤੋਂ ਬਾਅਦ ਸਾਰਿਆਂ ਦੀ ਕੀ ਪ੍ਰਤੀਕਿਰਿਆ ਹੋਵੇਗੀ। ਇਹ ਤੈਅ ਹੈ ਕਿ ਸਰਕਾਰ ਵੱਲੋਂ ਕਈ ਬਿਲੀਅਨ ਡਾਲਰਜ਼ ਵਧੇਰੇ ਘਰ ਬਣਾਉਣ, ਚਾਈਲਡ ਕੇਅਰ ਦਾ ਪਸਾਰ ਕਰਨ, ਮਿਲਟਰੀ ਦੀ ਸਮਰੱਥਾ ਵਧਾਉਣ ਤੇ ਦੇਸ਼ ਦੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਸਮਰੱਥਾ ਵਧਾਉਣ ਵੱਲ ਧਿਆਨ ਦਿੱਤਾ ਜਾਵੇਗਾ।

ਸਰਕਾਰ ਦੇ ਨਵੇਂ ਹਾਊਸਿੰਗ ਮਾਪਦੰਡਾਂ ਨੂੰ ਸ਼ੁੱਕਰਵਾਰ ਨੂੰ ਪਬਲਿਸ਼ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਇਹ ਕੈਨੇਡਾ ਵਿੱਚ ਹੁਣ ਤੱਕ ਵੇਖਿਆ ਗਿਆ ਸੱਭ ਤੋਂ ਬਿਹਤਰੀਨ ਹਾਊਸਿੰਗ ਪਲੈਨ ਹੈ। ਟਰੂਡੋ ਨੇ ਵਾਅਦਾ ਕੀਤਾ ਕਿ ਸਾਲ 2031 ਤੱਕ 3.9 ਮਿਲੀਅਨ ਘਰਾਂ ਦਾ ਨਿਰਮਾਣ ਕੀਤਾ ਜਾਵੇਗਾ। ਫਰੀਲੈਂਡ ਨੇ ਇਹ ਵਾਅਦਾ ਕੀਤਾ ਹੈ ਕਿ ਫੈਡਰਲ ਬਜਟ ਵਿੱਚ ਪਿਛਲੇ ਸਾਲ ਦੇ ਅੰਤ ਵਿੱਚ ਪੇਸ਼ ਕੀਤੇ ਗਏ ਵਿੱਤੀ ਮਾਪਦੰਡਾਂ ਦਾ ਖਿਆਲ ਰੱਖਿਆ ਜਾਵੇਗਾ ਤੇ ਫੈਡਰਲ ਘਾਟੇ ਨੂੰ ਸਾਲ 2023-24 ਵਿੱਤੀ ਵਰ੍ਹੇ ਵਿੱਚ 40 ਬਿਲੀਅਨ ਡਾਲਰ ਤੋਂ ਨਹੀਂ ਟੱਪਣ ਦਿੱਤਾ ਜਾਵੇਗਾ।

ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਦੋਵਾਂ ਨੇ ਹੀ ਨਵੇਂ ਖਰਚਿਆਂ ਲਈ ਮੱਧ ਵਰਗ ਉੱਤੇ ਹੋਰ ਟੈਕਸ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਫਰੀਲੈਂਡ ਇਸ ਗੱਲ ਨੂੰ ਲੈ ਕੇ ਚੁੱਪ ਹੈ ਕਿ ਕੀ ਕਾਰਪੋਰੇਸ਼ਨਾਂ ਜਾਂ ਅਮੀਰ ਕੈਨੇਡੀਅਨਾਂ ਉੱਤੇ ਹੋਰ ਟੈਕਸ ਲਾਏ ਜਾਣਗੇ ਜਾਂ ਨਹੀਂ?