ਪੰਜਾਬ ਸਰਕਾਰ ਦਵੇਗੀ ਦਿੱਲੀ ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਲੋਕਾਂ 2 ਲੱਖ ਮੁਆਵਜ਼ਾ

by vikramsehajpal

ਜਲੰਧਰ (ਦੇਵ ਇੰਦਰਜੀਤ) : ਪੰਜਾਬ ਸਰਕਾਰ ਨੇ ਗਣਤੰਤਰ ਦਿਹਾੜੇ ਮੌਕੇ ਦਿੱਲੀ 'ਚ ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਸਟੈਂਡ ਨੂੰ ਦੁਹਰਾਉਂਦੇ ਹੋਏ ਅਸੀਂ 26 ਜਨਵਰੀ, 2021 ਨੂੰ ਦਿੱਲੀ 'ਚ ਟਰੈਕਟਰ ਰੈਲੀ ਦੌਰਾਨ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 83 ਲੋਕਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਸਾਰੇ 83 ਲੋਕਾਂ ਨੂੰ ਸਰਕਾਰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ। ਮੁੱਖ ਮੰਤਰੀ ਚੰਨੀ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤਿੰਨ ਕਾਲੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦੀ ਹੈ।

ਤਿੰਨ ਕਾਲੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨਾਂ ਵੱਲੋਂ 26 ਜਨਵਰੀ, 2021 ਨੂੰ ਟਰੈਕਟਰ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਦਿੱਲੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਟਰੈਕਟਰ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਪਰ ਕਿਸਾਨ ਟਰੈਕਟਰ ਰੈਲੀ ਕਰਨ 'ਤੇ ਅੜ੍ਹੇ ਹੋਏ ਸਨ। ਕਿਸਾਨਾਂ ਦੀ ਜ਼ਿੱਦ ਦੇਖ ਕੇ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਬੈਠਕ ਕੀਤੀ ਅਤੇ ਟਰੈਕਟਰ ਰੈਲੀ ਦੇ ਰੂਟ ਤੈਅ ਕੀਤੇ ਗਏ।

ਜਦੋਂ 26 ਜਨਵਰੀ ਨੂੰ ਟਰੈਕਟਰ ਰੈਲੀ ਸ਼ੁਰੂ ਹੋਈ ਤਾਂ ਕੁੱਝ ਟਰੈਕਟਰ ਬੈਰੀਕੇਡ ਤੋੜ ਕੇ ਲਾਲ ਕਿਲ੍ਹੇ ਵੱਲ ਚਲੇ ਗਏ ਅਤੇ ਉੱਥੇ ਝੰਡਾ ਲਹਿਰਾ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ 83 ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਾਫ਼ੀ ਹੰਗਾਮਾ ਹੋਇਆ। ਹੁਣ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।