ਪੰਜ਼ਾਬ ਦੇ ਦੌਰੇ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਇੰਜੀਨੀਅਰਿੰਗ ਕਾਲਜ ਡੀਮਡ ਟੂ ਬੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ 'ਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੀ ਪਤਨੀ ਸਵਿਤਾ ਕੋਵਿੰਦ ਸਮੇਤ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੇ। ਉਨ੍ਹਾਂ ਦਾ ਵਿਸ਼ੇਸ਼ ਜਹਾਜ਼ ਸਵੇਰੇ 11 ਵਜੇ ਚੰਡੀਗੜ੍ਹ ਹਵਾਈ ਅੱਡੇ 'ਤੇ ਲੈਂਡ ਕੀਤਾ।

ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਕਾਲਜ ਦੇ 100 ਸਾਲ ਪੂਰੇ ਹੋਣ 'ਤੇ ਕਰਵਾਏ ਜਾ ਰਹੇ ਸ਼ਤਾਬਦੀ ਸਮਾਰੋਹ 'ਚ ਹਿੱਸਾ ਲੈਣਗੇ। ਉਨ੍ਹਾਂ ਦੀ ਪਤਨੀ ਵੱਲੋਂ ਸੁਖਨਾ ਝੀਲ ਨੇੜੇ ਬਣੇ ਚੰਡੀਗੜ੍ਹ ਦੇ ਪਹਿਲੇ ਬਰਡ ਪਾਰਕ ਦਾ ਉਦਘਾਟਨ ਕੀਤਾ ਜਾਵੇਗਾ। ਇਹ ਬਰਡ ਪਾਰਕ 6.5 ਏਕੜ 'ਚ ਫੈਲਿਆ ਹੋਇਆ ਹੈ, ਜੋ ਕਿ ਜਨਤਾ ਲਈ ਬੁੱਧਵਾਰ ਤੋਂ ਖੁੱਲ੍ਹੇਗਾ।

ਇਸ ਬਰਡ ਪਾਰਕ 'ਚ 20 ਪ੍ਰਜਾਤੀਆਂ ਦੇ 800 ਤੋਂ ਜ਼ਿਆਦਾ ਪੰਛੀ ਦੇਖਣ ਨੂੰ ਮਿਲਣਗੇ। ਰਾਸ਼ਟਰਪਤੀ ਕੋਵਿੰਦ ਦੇ ਦੌਰੇ ਦੇ ਮੱਦੇਨਜ਼ਰ ਚੰਡੀਗੜ੍ਹ 'ਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਰਾਸ਼ਟਰਪਤੀ ਦੀ ਵਿਜ਼ਿਟ 'ਚ ਡਿਊਟੀ ਦੇਣ ਵਾਲੇ ਸਾਰੇ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਵਾਏ ਗਏ ਹਨ।