ਬੁਲੇਟ ਪਰੂਫ ਜੈਕਟਾਂ ਪਾ ਕੇ ਸ਼ੰਭੂ ਬਾਰਡਰ ‘ਤੇ ਪਹੁੰਚੇ ਕਿਸਾਨ, ਦਿੱਲੀ ਵੱਲ ਨੂੰ ਵੱਧਣ ਦੀ ਤਿਆਰੀ

by jagjeetkaur

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਗੁਰਨਾਮ ਚਢੂਨੀ ਨੇ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੀ ਗਈ ਬੈਰੀਕੇਡਿੰਗ, ਅੱਥਰੂ ਗੈਸ ਦੇ ਗੋਲੇ ਛੱਡਣ ਅਤੇ ਤਾਕਤ ਦੀ ਵਰਤੋਂ ਕਰਨ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨ ਸਾਡੇ ਆਪਣੇ ਦੇਸ਼ ਭਾਰਤ ਦੇ ਹਨ ਪਰ ਸਰਕਾਰ ਕਿਸਾਨਾਂ ਨਾਲ ਕਿਸੇ ਹੋਰ ਦੁਸ਼ਮਣ ਦੇਸ਼ ਦੇ ਸੈਨਿਕਾਂ ਵਰਗਾ ਸਲੂਕ ਕਰ ਰਹੀ ਹੈ। 

ਨਾਲ ਹੀ ਉਨ੍ਹਾਂ ਕਿਹਾ ਕਿ ਸੜਕਾਂ ‘ਤੇ ਮੇਖਾਂ ਅਤੇ ਬੈਰੀਕੇਡ ਲਗਾ ਕੇ ਕਿਸਾਨਾਂ ਤੋਂ ਅਜ਼ਾਦ ਆਵਾਜਾਈ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਅਜਿਹੇ ਕਦਮ ਚੁੱਕਣ ਨਾ ਉਕਸਾਵੇ, ਜਿਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇ। ਇਹ ਮੰਗਾਂ ਸਮੁੱਚੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਹਨ ਅਤੇ ਜਾਇਜ਼ ਹਨ।

ਬੀਕੇਯੂ ਦੀ ਕੋਰ ਕਮੇਟੀ ਦੀ ਮੀਟਿੰਗ ਕਾਰਜਕਾਰੀ ਸੂਬਾ ਪ੍ਰਧਾਨ ਕਰਮ ਸਿੰਘ ਮਥਾਣਾ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਸਬੰਧੀ ਚੱਲ ਰਹੇ ਅੰਦੋਲਨ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਗੁਰਨਾਮ ਚਢੂਨੀ ਨੇ ਕਿਹਾ ਕਿ ਬੀਕੇਯੂ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ। ਸਰਕਾਰ ਵੱਲੋਂ ਅੰਦੋਲਨ ਨੂੰ ਕੁਚਲਣ ਲਈ ਅਪਣਾਏ ਜਾ ਰਹੇ ਅਣਮਨੁੱਖੀ ਅਤੇ ਗੈਰ-ਸੰਵਿਧਾਨਕ ਤਰੀਕਿਆਂ ਦੀ ਨਿਖੇਧੀ ਕਰਦੀ ਹੈ। 

ਇਸਤੋਂ ਇਲਾਵਾ ਜਥੇਬੰਦੀ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਕੌਮੀ ਪ੍ਰਧਾਨ ਗੁਰਨਾਮ ਚਢੂਨੀ ਵੱਲੋਂ 15 ਫਰਵਰੀ ਨੂੰ ਸਵੇਰੇ 11 ਵਜੇ ਬੀ.ਕੇ.ਯੂ ਦੇ ਕੇਂਦਰੀ ਦਫ਼ਤਰ ਵਿਖੇ ਸੱਦੀ ਗਈ ਹੈ। ਇਸ ਵਿੱਚ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਸੂਬਾਈ ਅਧਿਕਾਰੀ ਸ਼ਾਮਲ ਹੋਣਗੇ। ਮੀਟਿੰਗ ਵਿੱਚ ਅੰਦੋਲਨ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ। 

ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਸਰਕਾਰ ਪਹਿਲਾਂ ਕੀਤੇ ਵਾਅਦਿਆਂ ਤੋਂ ਪਿੱਛੇ ਹਟ ਗਈ ਹੈ। ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ।