ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ ਮੁੱਖ ਮੰਤਰੀ ਭਗਵੰਤ ਮਾਨ : ਬਿਕਰਮ ਮਜੀਠੀਆ

by vikramsehajpal

ਚੰਡੀਗੜ੍ਹ (ਸਾਹਿਬ): ਸ਼੍ਰੋਮਣੀ ਅਕਾਲੀ ਦਲ-ਬਾਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਭਾਜਪਾ ਆਗੂ ਸ਼ੀਤਲ ਅੰਗੂਰਾਲ ਵੱਲੋਂ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ ਅਤੇ ਉਹਨਾਂ ਨੇ ਕੇਂਦਰ ਸਰਕਾਰ ਸਰਕਾਰ ਨੂੰ ਆਖਿਆ ਕਿ ਉਹ ਅੰਗੂਰਾਲ ਵੱਲੋਂ ਪੇਸ਼ ਕੀਤੇ ਸਬੂਤਾਂ ਦਾ ਵੀ ਨੋਟਿਸ ਲਵੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਜਪਾ ਆਗੂ ਸ਼ੀਤਲ ਅੰਗੂਰਾਲ ਜੋ ਪਹਿਲਾਂ ਆਮ ਆਦਮੀ ਪਾਰਟੀ (ਆਪ) ਵਿਚ ਸਨ ਤੇ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ਦੇ ਬਹੁਤ ਨਜ਼ਦੀਕੀ ਸਨ, ਨੇ ਇਕ ਵੀਡੀਓ ਪੋਸਟ ਕਰ ਕੇ ਦਾਅਵਾ ਕੀਤਾ ਹੈ ਕਿ ਸਰਦਾਰ ਭਗਵੰਤ ਮਾਨ ਤੇ ਉਹਨਾਂ ਦਾ ਪਰਿਵਾਰ ਵਿਆਪਕ ਭ੍ਰਿਸ਼ਟਾਚਾਰ ਵਿਚ ਰੁੱਝਿਆ ਹੈ। ਉਹਨਾਂ ਕਿਹਾ ਕਿ ਅੰਗੂਰਾਲ ਨੇ ਦੱਸਿਆ ਕਿ ਇਹ ਪਰਿਵਾਰ ਬਿਲਡਰਾਂ, ਠੇਕੇਦਾਰਾਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ ਤੇ ਨਾਲ ਹੀ ਤਬਾਦਲਿਆਂ ਤੇ ਤਾਇਨਾਤੀਆਂ ਦੇ ਸਿਰ ’ਤੇ ਪੈਸੇ ਬਣਾ ਰਿਹਾ ਹੈ।

ਉਹਨਾਂ ਕਿਹਾ ਕਿ ਅੰਗੂਰਾਲ ਉਸ ਅਪਰੇਸ਼ਨ ਲੋਟਸ ਵਿਚ ਵੀ ਸ਼ਾਮਲ ਸੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਅਪਰੇਸ਼ਨ ਲੋਟਸ ਚਲਾ ਰਹੀ ਹੈ ਤੇ ਆਪ ਦੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਇਸ ਮਾਮਲੇ ਵਿਚ ਸ਼ਿਕਾਇਤ ਦਾਇਰ ਕਰਨ ਦੇ ਬਾਵਜੂਦ ਹੁਣ ਤੱਕ ਕੁਝ ਨਹੀਂ ਕੀਤਾ ਗਿਆ।ਉਹਨਾਂ ਕਿਹਾ ਕਿਹੁਣ ਅੰਗੂਰਾਲ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਬਹਿਸ ਕਰਨ ਤਾਂ ਸਰਦਾਰ ਭਗਵੰਤ ਮਾਨ ਨੂੰ ਇਹ ਚੁਣੌਤੀ ਸਵੀਕਾਰ ਕਰਨੀ ਚਾਹੀਦੀ ਹੈ ਤੇ ਲਾਏ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ। ਮਜੀਠੀਆ ਨੇ ਕਿਹਾ ਕਿ ਬਜਾਏ ਇਸ ਚੁਣੌਤੀ ਨੂੰ ਪ੍ਰਵਾਨ ਕਰਨ ਅਤੇ ਆਪਣੇ ਹੀ ਪਰਿਵਾਰ ਮੈਂਬਰਾਂ ਖਿਲਾਫ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਦੇ ਹੁਕਮ ਦੇਣ ਦੇ ਮੁੱਖ ਮੰਤਰੀ ਵਿਰੋਧੀ ਧਿਰ ਨੂੰ ਬਦਨਾਮ ਕਰਨ ’ਤੇ ਤੁਲੇ ਹਨ ਤੇ ਉਹਨਾਂ ਦੀ ਅਖੌਤੀ ਪ੍ਰੀਖਿਆ ਲੈ ਰਹੇ ਹਨ।

ਅਕਾਲੀ ਆਗੂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਸ਼ੀਤਲ ਅੰਗੂਰਾਲ ਵੱਲੋਂ ਲਗਾਏ ਦੋਸ਼ਾਂ ਦਾ ਨੋਟਿਸ ਲਵੇ ਅਤੇ ਮਾਮਲੇ ਵਿਚ ਉਸ ਤਰੀਕੇ ਕਾਰਵਾਈ ਕਰੇ ਜਿਵੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੀਤੀ ਗਈ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਤਾਂ ਭ੍ਰਿਸ਼ਟਾਚਾਰ ਹੈ ਭਾਵੇਂ ਉਹ ਕੇਜਰੀਵਾਲ ਨੇ ਜਾਂ ਭਗਵੰਤ ਮਾਨ ਨੇ ਜਾਂ ਜਿਸ ਮਰਜ਼ੀ ਨੇ ਕੀਤਾ ਹੋਵੇ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਜ਼ਰੂਰੀ ਹੈ।

More News

NRI Post
..
NRI Post
..
NRI Post
..