ਲੁਧਿਆਣਾ ’ਚ ਗੁੰਡਾ-ਗਰਦੀ ਦਾ ਨੰਗਾ ਨਾਚ, ਸਕੂਲ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

by jaskamal

ਨਿਊਜ਼ ਡੈਸਕ : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਵਿਚ ਆਸ ਜਾਗੀ ਸੀ। ਸ਼ਾਇਦ ਕ੍ਰਾਈਮ ਗ੍ਰਾਫ ਘੱਟ ਜਾਵੇਗਾ ਪਰ ਉਲਟਾ ਵੱਧਣ ਲੱਗਾ ਹੈ। ਰੋਜ਼ਾਨਾ ਹੋ ਰਹੀਆਂ ਲੁੱਟ-ਖੋਹ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਨਾਲ ਸ਼ਹਿਰ ਦੇ ਲੋਕ ਸਹਿਮੇ ਹੋਏ ਹਨ, ਲੁਧਿਆਣਾ ਜੋ ਇੰਡਸਟਰੀ ਦਾ ਹੱਬ ਮੰਨਿਆ ਜਾਂਦਾ ਹੈ, ਹੁਣ ਕ੍ਰਾਈਮ ਦਾ ਹੱਬ ਬਣਦਾ ਜਾ ਰਿਹਾ ਹੈ। ਫੋਕਲ ਪੁਆਇੰਟ ਫਾਇਰਿੰਗ ਤੋਂ ਬਾਅਦ ਲੁੱਟ, ਮੋਤੀ ਨਗਰ ਇਲਾਕੇ ’ਚ ਗੰਨ ਪੁਆਇੰਟ ’ਤੇ ਲੁੱਟ ਤੇ ਗਿੱਲ ਰੋਡ ’ਤੇ ਹੋਈ ਫਾਇਰਿੰਗ ਤੋਂ ਬਾਅਦ ਹੁਣ ਤਾਜ਼ਾ ਘਟਨਾ ’ਚ ਲਾਦੀਆਂ ਖੁਰਦ ਸਥਿਤ ਇਕ ਸਕੂਲ ਦੇ ਬਾਹਰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ 6 ਫਾਇਰ ਕੀਤੇ।

ਇਸ ਤੋਂ ਬਾਅਦ ਬਦਮਾਸ਼ਾਂ ਨੇ ਦੁਪਹਿਰ ਨੂੰ ਵਿਦਿਆਰਥੀ ਨਾਲ ਕੁੱਟਮਾਰ ਕਰ ਕੇ ਤੇ ਸਿਰ ’ਤੇ ਪਿਸਤੌਲ ਦੇ ਬੱਟ ਮਾਰ ਕੇ ਇਕ ਗੋਲੀ ਵੀ ਚਲਾਈ , ਵਿਦਿਆਰਥੀ ਵਾਲ-ਵਾਲ ਬਚ ਗਏ । ਭਾਵੇਂ ਸਵੇਰੇ ਹੋਈ ਫਾਇਰਿੰਗ ਵਿਚ ਪਹਿਲਾਂ ਸਕੂਲ ਵਾਲੇ ਸਮਝ ਰਹੇ ਸੀ ਕਿ ਬੁਲੇਟ ਮੋਟਰਸਾਈਕਲ ਦੇ ਪਟਾਕੇ ਹਨ ਪਰ ਦੁਪਹਿਰ ਨੂੰ ਹੋਈ ਲੜਾਈ ਦੀ ਸੀ. ਸੀ. ਟੀ. ਵੀ. ਫੁਟੇਜ ਦੇਖੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਵੇਰੇ ਬੁਲੇਟ ਦੇ ਪਟਾਕੇ ਨਹੀਂ ਸਗੋਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਇਕ ਤੋਂ ਬਾਅਦ ਇਕ-ਇਕ ਕਰ ਕੇ 6 ਫਾਇਰ ਸਕੂਲ ਦੇ ਗੇਟ ’ਤੇ ਕੀਤੇ। ਜਿਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ।