ਹਲਕਾ ਖੇਮਕਰਨ ‘ਚ ਤੇਜ਼ ਰਫਤਾਰ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਦੋ ਨੌਜਵਾਨਾਂ ਦੀ ਹੋਈ ਮੌਤ, ਚਾਲਕ ਫਰਾਰ – Two Died In Road Accident

by jaskamal

ਪੱਤਰ ਪ੍ਰੇਰਕ : ਤਰਨ ਤਾਰਨ : ਤਰਨ ਤਾਰਨ ਦੇ ਹਲਕਾ ਖੇਮਕਰਨ ਦੇ ਚੂੰਗ ਮੋੜ ਨਜ਼ਦੀਕ ਅੱਜ ਸਵੇਰੇ ਤੜਕਸਾਰ ਕਾਰ ਚਾਲਕ ਵੱਲੋਂ ਮੋਟਰਸਾਈਕਲ ਨੂੰ ਮਾਰੀ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਧਰ ਮ੍ਰਿਤਕਾਂ ਦੀ ਪਹਿਚਾਣ ਮਾਂ ਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਾਜੋਕੇ ਵਜੋਂ ਹੋਈ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਵਾਰਸਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਰਾਜੋ ਕੇ ਮੰਡੀ ਵਿੱਚੋਂ ਕੰਡਾ ਕਰਵਾਉਣ ਲਈ ਆਏ ਸਨ ਕਿ ਜਦੋਂ ਵਾਪਸ ਪਿੰਡ ਨੂੰ ਜਾ ਰਹੇ ਸਨ ਤਾਂ ਭਿੱਖੀ ਪਿੰਡ ਵਾਲੀ ਸਾਈਡ ਤੋਂ ਤੇਜ਼ ਰਫਤਾਰ ਵਿੱਚ ਆਈ ਸਵਿਫਟ ਕਾਰ ਵੱਲੋਂ ਟੱਕਰ ਮਾਰ ਦਿੱਤੀ।

ਕਾਰ ਚਾਲਕ ਫਰਾਰ : ਇਹ ਟੱਕਰ ਇਨੀਂ ਭਿਆਨਕ ਸੀ ਕਾਰ ਮੋਟਰਸਾਈਕਲ ਨੂੰ ਧੁ ਕੇ ਲੈ ਜਾਂਦੀ ਹੋਈ ਸੜਕ ਨਜ਼ਦੀਕ ਖੇਤਾਂ ਵਿੱਚ ਲੈ ਗਈ। ਪਰਿਵਾਰਿਕ ਜੀਆਂ ਨੇ ਦੱਸਿਆ ਕਿ ਦੋਨਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਉਧਰ ਇਸ ਮਾਮਲੇ ਸਬੰਧੀ ਮੌਕੇ 'ਤੇ ਪਹੁੰਚੀ ਥਾਣਾ ਭਿੱਖੀਵਿੰਡ ਦੀ ਪੁਲਿਸ ਦੇ ਏਐਸਆਈ ਸਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ। ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਦੇ ਬਿਆਨ ਦਰਜ ਕਰ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਫਰਾਰ ਹੋਏ ਕਾਰ ਚਾਲਕ ਨੂੰ ਤਸਦੀਕ ਕਰਨ ਉਪਰੰਤ ਭਾਲ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।

ਕਿਸੇ ਹੋਰ ਦੀ ਗਲਤੀ ਦਾ ਮਸੂਮ ਭਰਦੇ ਖਮਿਆਜਾ : ਜ਼ਿਕਰਯੋਗ ਹੈ ਕਿ ਇਹ ਭਿਆਨਕ ਐਕਸੀਡੈਂਟ ਸਵੇਰੇ ਕਰੀਬ 5:30 ਤੋਂ ਛੇ ਦੇ ਵਿਚਕਾਰ ਹੋਇਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਤੇਜ਼ ਰਫਤਾਰ ਕਾਰਨ ਪਹਿਲਾਂ ਵੀ ਕਈ ਮਾਸੂਮ ਜਿੰਦਗੀਆਂ ਜਾ ਚੁਕੀਆਂ ਹਨ ਪਰ ਬਾਵਜੂਦ ਇਸ ਦੇ ਲੋਕ ਤੇਜ਼ ਰਫਤਾਰ ਗੱਡੀਆਂ ਚਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਨਾਲ ਉਹਨਾਂ ਦਾ ਆਪਣਾ ਤਾਂ ਨੁਕਸਾਨ ਹੁੰਦਾ ਹੀ ਹੈ ਨਾਲ ਹੋਰਨਾਂ ਨੂੰ ਵੀ ਆਪਣੀ ਇਸ ਗਲਤੀ ਦੀ ਚਪੇਟ 'ਚ ਲੈ ਲੈਂਦੇ ਹਨ। ਜੋ ਕਿ ਬੇਹੱਦ ਮੰਦਭਾਗਾ ਹੈ।