ਅਮਰੀਕਾ ‘ਚ ਭਾਰਤੀ ਪੀਐਮ ਮੋਦੀ ਤੇ ਅਮਿਤ ਸ਼ਾਹ ਖ਼ਿਲਾਫ਼ 10 ਕਰੋੜ ਡਾਲਰ ਦਾ ਕੇਸ ਖ਼ਾਰਜ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੀ ਇੱਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ਼ ਦਾਇਰ 10 ਕਰੋੜ ਡਾਲਰ ਦੇ ਮੁਕੱਦਮੇ ਨੂੰ ਖ਼ਾਰਜ ਕਰ ਦਿੱਤਾ ਹੈ। ਇਹ ਕੇਸ ਵੱਖਵਾਦੀ ਕਸ਼ਮੀਰ-ਖ਼ਾਲਿਸਤਾਨ ਧੜੇ ਤੇ ਦੋ ਹੋਰ ਵਿਅਕਤੀਆਂ ਦੁਆਰਾ ਦਾਇਰ ਕੀਤਾ ਗਿਆ ਸੀ।

ਪਟੀਸ਼ਨਕਰਤਾ ਸੁਣਵਾਈ ਦੀਆਂ ਦੋ ਤਰੀਕਾਂ 'ਤੇ ਪੇਸ਼ ਨਹੀਂ ਹੋ ਸਕੇ ਜਿਸ ਤੋਂ ਬਾਅਦ ਕੇਸ ਖ਼ਾਰਜ ਕਰ ਦਿੱਤਾ ਗਿਆ।ਇਹ ਮੁਕੱਦਮਾ ਹਾਯੂਸਟਨ 'ਚ 19 ਸਤੰਬਰ, 2019 ਨੂੰ ਹਾਓਡੀ ਮੋਦੀ ਪ੍ਰੋਗਰਾਮ ਤੋਂ ਬਾਅਦ ਦਾਇਰ ਕਰਵਾਇਆ ਗਿਆ ਸੀ।ਪਟੀਸ਼ਨਕਰਤਾਵਾਂ ਨੇ ਮੋਦੀ, ਸ਼ਾਹ ਅਤੇ ਲੈਫਟੀਨੈਂਟ ਜਨਰਲ ਕੰਵਲ ਜੀਤ ਸਿੰਘ ਢਿੱਲੋਂ ਤੋਂ ਮੁਆਵਜ਼ੇ ਵਜੋਂ 10 ਕਰੋੜ ਡਾਲਰ ਦੀ ਮੰਗ ਕੀਤੀ ਸੀ।ਢਿੱਲੋਂ, ਇਸ ਸਮੇਂ ਰੱਖਿਆ ਖੁਫ਼ੀਆ ਏਜੰਸੀ ਦੇ ਡਾਇਰੈਕਟਰ ਜਨਰਲ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਦੇ ਅਧੀਨ ਏਕੀਕ੍ਰਿਤ ਰੱਖਿਆ ਸਟਾਫ਼ ਦੇ ਉੱਪ ਮੁੱਖੀ ਹਨ।

6 ਅਕਤੂਬਰ ਨੂੰ ਜਾਰੀ ਕੀਤੇ ਗਏ ਇੱਕ ਆਦੇਸ਼ ਵਿੱਚ, ਯੂਐਸ ਸਾਊਥ ਟੈਕਸਾਸ ਜ਼ਿਲ੍ਹਾ ਅਦਾਲਤ ਦੇ ਜੱਜ ਫ੍ਰਾਂਸਿਸ ਐਚ ਸਟੇਸੀ ਨੇ ਕਿਹਾ ਕਿ ਕਸ਼ਮੀਰ ਖ਼ਾਲਿਸਤਾਨ ਰੈਫਰੈਂਡਮ ਫ਼ਰੰਟ ਨੇ ਕੇਸ ਦੀ ਪੈਰਵੀ ਕਰਨ ਲਈ ਕੁਝ ਨਹੀਂ ਕੀਤਾ ਅਤੇ ਸੁਣਵਾਈ ਲਈ ਦੋ ਵਾਰੀ ਨਿਰਧਾਰਤ ਮਿਤੀ ਨੂੰ ਵੀ ਹਾਜ਼ਰ ਨਹੀਂ ਹੋਏ।ਇਸ ਨਾਲ ਜੱਜ ਨੇ ਕੇਸ ਖ਼ਾਰਜ ਕਰ ਦਿੱਤਾ। 22 ਅਕਤੂਬਰ ਨੂੰ ਜੱਜ ਐਂਡਰਿਯੂ ਹੈਨਨ ਨੇ ਟੈਕਸਾਸ ਜ਼ਿਲ੍ਹਾ ਅਦਾਲਤ ਵਿੱਚ ਕੇਸ ਦੀ ਸਮਾਪਤੀ ਕੀਤੀ।ਕਸ਼ਮੀਰ ਖ਼ਾਲਿਸਤਾਨ ਰੈਫ਼ਰੈਂਡਮ ਫ਼ਰੰਟ ਤੋਂ ਇਲਾਵਾ ਦੋ ਹੋਰ ਪਟੀਸ਼ਨਰਾਂ ਦੀ ਪਛਾਣ ਨਹੀਂ ਹੋ ਸਕੀ ਹੈ।