ਚੇਤਨ ਸਿੰਘ ਜੌੜਾਮਾਜਰਾ ਵੱਲੋਂ 12 ਜਨਤਕ ਰੇਤ ਖੱਡਾਂ ਲੋਕਾਂ ਨੂੰ ਸਮਰਪਿਤ

by jaskamal

ਪੱਤਰ ਪ੍ਰੇਰਕ : ਪੰਜਾਬ ਦੇ ਮਾਈਨਿੰਗ ਅਤੇ ਭੂ-ਵਿਗਿਆਨ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਅੱਜ ਸੂਬੇ ਦੇ ਲੋਕਾਂ ਨੂੰ 12 ਹੋਰ ਜਨਤਕ ਰੇਤ ਦੀਆਂ ਖਾਣਾਂ ਸਮਰਪਿਤ ਕੀਤੀਆਂ, ਜਿਸ ਨਾਲ ਸੂਬੇ ਭਰ ਵਿੱਚ ਰੇਤ ਦੀਆਂ ਜਨਤਕ ਖੱਡਾਂ ਦੀ ਗਿਣਤੀ 72 ਹੋ ਗਈ ਹੈ। ਇਹ ਪਹਿਲਕਦਮੀ ਯਕੀਨੀ ਬਣਾਏਗੀ ਕਿ ਲੋਕਾਂ ਨੂੰ ਰੇਤ ਅਤੇ ਮਾਈਨਿੰਗ ਸਮੱਗਰੀ 'ਵਾਜਬ ਦਰਾਂ' 'ਤੇ ਮਿਲੇ। ਏ.ਡੀ.ਬੀ. ਬੇਲਾ ਤਾਜੋਵਾਲ ਤਹਿਸੀਲ ਬਲਾਚੌਰ (ਜ਼ਿਲ੍ਹਾ ਐਸ.ਬੀ.ਐਸ. ਨਗਰ) ਵਿਖੇ ਜ਼ਿਲ੍ਹੇ ਦੀਆਂ ਤਿੰਨ ਰੇਤ ਖੱਡਾਂ ਦਾ ਉਦਘਾਟਨ ਕਰਨ ਉਪਰੰਤ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਹਿਲਾਂ ਹੀ 60 ਜਨਤਕ ਰੇਤ ਦੀਆਂ ਖੱਡਾਂ ਅਤੇ 38 ਵਪਾਰਕ ਰੇਤ ਦੀਆਂ ਖੱਡਾਂ ਚਲਾਈਆਂ ਜਾ ਚੁੱਕੀਆਂ ਹਨ।

72 ਜਨਤਕ ਰੇਤ ਖੱਡਾਂ: ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਕੁੱਲ 47.65 ਲੱਖ ਮੀਟ੍ਰਿਕ ਟਨ ਦੀ ਸਮਰੱਥਾ ਵਾਲੀਆਂ 72 ਜਨਤਕ ਰੇਤ ਖੱਡਾਂ ਤੋਂ 15.91 ਲੱਖ ਮੀਟ੍ਰਿਕ ਟਨ ਰੇਤ ਦੀ ਨਿਕਾਸੀ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ 38 ਵਪਾਰਕ ਰੇਤ ਦੀਆਂ ਖਾਣਾਂ ਦੇ ਕਲੱਸਟਰਾਂ ਤੋਂ 136 ਲੱਖ ਮੀਟ੍ਰਿਕ ਟਨ ਰੇਤ ਕੱਢਣ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿੱਚੋਂ ਸਿਰਫ਼ 17 ਲੱਖ ਮੀਟ੍ਰਿਕ ਟਨ ਰੇਤਾ ਅਤੇ ਬਜਰੀ ਹੀ ਕੱਢੀ ਜਾ ਸਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ 151 ਲੱਖ ਮੀਟ੍ਰਿਕ ਟਨ ਤੋਂ ਵੱਧ ਰੇਤਾ ਅਤੇ ਬਜਰੀ ਅਜੇ ਵੀ ਜਨਤਕ ਅਤੇ ਵਪਾਰਕ ਦੋਵਾਂ ਖੱਡਾਂ ਵਿੱਚ ਉਪਲਬਧ ਹੈ।

ਚੇਤਨ ਸਿੰਘ ਜੌੜਾ ਮਾਜਰਾ ਨੇ ਦੱਸਿਆ ਕਿ ਇਨ੍ਹਾਂ ਜਨਤਕ ਰੇਤ ਦੀਆਂ ਖੱਡਾਂ ਦੇ ਖੁੱਲ੍ਹਣ ਨਾਲ ਆਮ ਲੋਕ ਵੱਡੀ ਪੱਧਰ 'ਤੇ ਖੁਦ ਰੇਤ ਦੀ ਖੁਦਾਈ ਕਰ ਸਕਦੇ ਹਨ, ਇਸ ਦੀ ਢੋਆ-ਢੁਆਈ ਕਰ ਸਕਦੇ ਹਨ ਅਤੇ ਵੇਚ ਸਕਦੇ ਹਨ, ਜਿਸ ਨਾਲ ਮੰਡੀ ਵਿਚ ਰੇਤ ਦੀ ਸਪਲਾਈ ਵਧੇਗੀ ਅਤੇ ਰੇਤ ਦਾ ਬਾਜ਼ਾਰੀ ਰੇਟ ਵੀ ਘਟੇਗਾ । ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਦੱਸਿਆ ਕਿ ਸੂਬੇ 'ਚ ਮਾਈਨਿੰਗ ਐਕਟ ਅਤੇ ਨਿਯਮਾਂ ਤਹਿਤ ਅਪ੍ਰੈਲ 2022 ਤੋਂ ਜਨਵਰੀ 2024 ਤੱਕ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ 945 ਐੱਫ.ਆਈ.ਆਰ. ਦਰਜ ਕੀਤੇ ਗਏ ਹਨ।