ਓਂਟਾਰੀਓ (ਵਿਕਰਮ ਸਹਿਜਪਾਲ) : ਓਂਟਾਰੀਓ ਦੇ ਕਸਬੇ ਓਕਵਿਲੇ ਵਿਚ ਸ਼ਨੀਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਐੱਸ.ਯੂ.ਵੀ. ਚਲਾ ਰਿਹਾ 13 ਸਾਲਾ ਨਾਬਾਲਗ ਹਾਈਵੇਅ 403 'ਤੇ ਵਾੜ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਹਾਦਸੇ ਮਗਰੋਂ ਅਧਿਕਾਰੀਆਂ ਨੂੰ ਟ੍ਰਾਫਲਗਰ ਰੋਡ ਨੇੜੇ ਹਾਈਵੇਅ 'ਤੇ ਬੁਲਾਇਆ ਗਿਆ।
ਪੁਲਸ ਨੇ ਦੱਸਿਆ ਕਿ ਟੱਕਰ ਕਾਰਨ ਨਾਬਾਲਗ ਸਮੇਤ 14 ਅਤੇ 16 ਸਾਲ ਦੇ ਦੋ ਹੋਰ ਯਾਤਰੀ ਵੀ ਜ਼ਖਮੀ ਹੋ ਗਏੇ। ਜ਼ਖਮੀ ਹੋਏ ਇਨ੍ਹਾਂ ਬੱਚਿਆਂ ਨੂੰ ਚਿਲਡਰਨ ਟਰਾਮਾ ਸੈਂਟਰ ਲਿਜਾਇਆ ਗਿਆ। ਡਾਕਟਰਾਂ ਮੁਤਾਬਕ 14 ਸਾਲਾ ਮੁੰਡੇ ਦੀ ਹਾਲਤ ਗੰਭੀਰ ਹੈ ਜਦਕਿ ਬਾਕੀ ਦੋ ਮੁੰਡਿਆਂ ਦੀ ਹਾਲਤ ਸਥਿਰ ਹੈ। ਤਿੰਨੇ ਮੁੰਡੇ ਓਕਵਿਲੇ ਤੋਂ ਹਨ। ਹਾਦਸੇ ਮਗਰੋਂ ਹਾਈਵੇਅ 403 'ਤੇ ਆਵਾਜਾਈ ਕਾਫੀ ਦੇਰ ਤੱਕ ਠੱਪ ਰਹੀ। ਪੁਲਸ ਨੇ ਉਨ੍ਹਾਂ ਬਾਰੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ।



