ਪਾਕਿਸਤਾਨ ‘ਚ ਮਿਲਿਆ 1300 ਸਾਲਾਂ ਪੁਰਾਣਾ ਹਿੰਦੂ ਮੰਦਰ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਉੱਤਰ ਪੱਛਮੀ ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਦੇ ਇੱਕ ਪਹਾੜ ਵਿੱਚ ਪਾਕਿਸਤਾਨ ਅਤੇ ਇਟਲੀ ਦੇ ਪੁਰਾਤੱਤਵ ਮਾਹਰਾਂ ਦੁਆਰਾ 1300 ਸਾਲ ਪੁਰਾਣੇ ਹਿੰਦੂ ਮੰਦਰ ਦੀ ਖੋਜ ਕੀਤੀ ਗਈ ਹੈ। ਦੱਸ ਦਈਏ ਕਿ ਇਸ ਮੰਦਰ ਦੀ ਭਾਲ ਬਾਰਿਕੋਟ ਘਨਾਈ ਵਿਖੇ ਖੁਦਾਈ ਦੌਰਾਨ ਹੋਈ ਸੀ। ਖੈਬਰ ਪਖਤੂਨਖਵਾ ਦੇ ਪੁਰਾਤੱਤਵ ਵਿਭਾਗ ਦੇ ਫਜ਼ਲੇ ਖਾਲੀਕ ਨੇ ਵੀਰਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਮੰਦਰ ਭਗਵਾਨ ਵਿਸ਼ਨੂੰ ਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਮੰਦਰ 1300 ਸਾਲ ਪਹਿਲਾਂ ਹਿੰਦੂ ਸ਼ਾਹੀ ਦੌਰ ਦੌਰਾਨ ਬਣਾਇਆ ਗਿਆ ਸੀ। ਹਿੰਦੂ ਸ਼ਾਹੀ ਜਾਂ ਕਾਬੁਲ ਸ਼ਾਹੀ (850–1023 ਈ.) ਇੱਕ ਹਿੰਦੂ ਖ਼ਾਨਦਾਨ ਸੀ ਜਿਸ ਨੇ ਕਾਬਲ ਘਾਟੀ (ਪੂਰਬੀ ਅਫਗਾਨਿਸਤਾਨ), ਗੰਧਾਰ (ਅਜੋਕੀ ਪਾਕਿਸਤਾਨ) ਅਤੇ ਅਜੋਕੀ ਉੱਤਰ ਪੱਛਮੀ ਭਾਰਤ ਉੱਤੇ ਰਾਜ ਕੀਤਾ।

ਪੁਰਾਤੱਤਵ ਵਿਗਿਆਨੀਆਂ ਨੇ ਖੁਦਾਈ ਦੇ ਦੌਰਾਨ ਮੰਦਰ ਵਾਲੀ ਜਗ੍ਹਾ ਦੇ ਕੋਲ ਕੈਂਪ ਅਤੇ ਗਾਰਡ ਲਈ ਮੀਨਾਰਾਂ ਆਦਿ ਵੀ ਪਾਏ ਹਨ। ਮਾਹਰਾਂ ਨੇ ਮੰਦਰ ਦੇ ਨੇੜੇ ਪਾਣੀ ਦਾ ਇੱਕ ਤਲਾਅ ਵੀ ਪਾਇਆ ਹੈ। ਸ਼ਾਇਦ ਸ਼ਰਧਾਲੂ ਪੂਜਾ ਤੋਂ ਪਹਿਲਾਂ ਉਥੇ ਇਸ਼ਨਾਨ ਕਰਦੇ ਸਨ।ਖਾਲੀਕ ਨੇ ਕਿਹਾ ਕਿ ਖੇਤਰ ਵਿੱਚ ਪਹਿਲੀ ਵਾਰ ਹਿੰਦੂ ਸ਼ਾਹੀ ਦੌਰ ਦੇ ਨਿਸ਼ਾਨ ਪਾਏ ਗਏ ਹਨ।