ਪੰਜਾਬ ‘ਚ 16 ਸਾਲਾ ਨੌਜਵਾਨ ਦੀ ਕੈਂਸਰ ਨਾਲ ਹੋਈ ਮੌਤ

by nripost

ਬਟਾਲਾ (ਨੇਹਾ): ਕਿਲਾ ਲਾਲ ਸਿੰਘ ਦੇ ਨਜ਼ਦੀਕੀ ਪਿੰਡ ਬਿਜਲੀਵਾਲ ਵਿਖੇ ਇੱਕ ਨੌਜਵਾਨ ਦੀ ਕੈਂਸਰ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।‌ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵਕ ਕੰਵਲਜੀਤ ਸਿੰਘ ਰੰਧਾਵਾ ਬਿਜਲੀਵਾਲ ਨੇ ਦੱਸਿਆ ਕਿ ਨੌਜਵਾਨ ਜਸ਼ਨਦੀਪ ਸਿੰਘ (16) ਪੁੱਤਰ ਵਿਕਰਮਜੀਤ ਸਿੰਘ ਵਾਸੀ ਬਿਜਲੀਵਾਲ ਜੋ ਕਿ ਕੁਝ ਸਮੇਂ ਤੋਂ ਨਾਮੁਰਾਦ ਬਿਮਾਰੀ ਕੈਂਸਰ ਨਾਲ ਜੂਝ ਰਿਹਾ ਸੀ ਤੇ ਉਕਤ ਨੌਜਵਾਨ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚਲ ਰਿਹਾ ਸੀ ਪਰ ਇਲਾਜ ਦੌਰਾਨ ਬੀਤੇ ਸ਼ਨੀਵਾਰ ਨੂੰ ਜਸ਼ਨਦੀਪ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ।

ਉਨ੍ਹਾਂ ਦੱਸਿਆ ਕਿ ਜਸ਼ਨਦੀਪ ਸਿੰਘ ਜੋ ਕਿ ਬਾਰ੍ਹਵੀਂ ਕਲਾਸ ਵਿੱਚ ਪੜ੍ਹਦਾ ਸੀ ਤੇ ਕਰੀਬ ਇੱਕ ਮਹੀਨਾ ਪਹਿਲਾਂ ਹੀ ਉਸ ਦੇ ਪਰਿਵਾਰ ਨੂੰ ਉਸ ਨੂੰ ਹੋਏ ਕੈਂਸਰ ਬਾਰੇ ਜਾਣਕਾਰੀ ਮਿਲੀ ਤੇ ਉਨ੍ਹਾਂ ਵੱਲੋਂ ਪਹਿਲਾਂ ਅੰਮ੍ਰਿਤਸਰ ਵਿਖੇ ਬੱਚੇ ਦਾ ਇਲਾਜ ਕਰਵਾਇਆ ਗਿਆ ਪਰ ਜ਼ਿਆਦਾ ਬਿਮਾਰ ਹੋਣ ਦੀ ਵਜ੍ਹਾ ਨਾਲ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਗਈ। ਉਨਾਂ ਦੱਸਿਆ ਕਿ ਜਸ਼ਨਦੀਪ ਸਿੰਘ ਦੇ ਇਲਾਜ ਲਈ ਇਲਾਕੇ ਦੀ ਸੰਗਤ ਵੱਲੋਂ ਵੱਡੇ ਪੱਧਰ ਤੇ ਪਰਿਵਾਰ ਦੀ ਮਦਦ ਵੀ ਕੀਤੀ ਗਈ ਕਿ ਉਕਤ ਨੌਜਵਾਨ ਇਸ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾ ਖੁਸ਼ੀ -ਖੁਸ਼ੀ ਆਪਣੇ ਪਰਿਵਾਰ ਨਾਲ ਘਰ ਪਰਤ ਸਕੇ। ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮੰਜੂਰ ਸੀ।‌ ਜਸ਼ਨਦੀਪ ਸਿੰਘ ਦੀ ਹੋਈ ਬੇਵਕਤੀ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਇਲਾਕੇ ਦੀ ਸੰਗਤ ਵੱਲੋਂ ਜਿੱਥੇ ਜਸ਼ਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।