ਨਸ਼ੇ ਦੀ ਓਵਰਡੋਜ਼ ਲੈਣ ਕਾਰਨ 17 ਸਾਲਾ ਨੌਜਵਾਨ ਦੀ ਮੌਤ

by jaskamal

ਨਿਊਜ਼ ਡੈਸਕ : ਪੰਜਾਬ ਵਿਚ ਲਗਾਤਾਰ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਫਿਰੋਜ਼ਪੁਰ ਦੇ ਜ਼ੀਰਾ ਤੋਂ ਸਾਹਮਣੇ ਆਇਆ ਹੈ ਜਿਥੇ ਅਭੀ ਨਾਂ ਦੇ 17 ਸਾਲਾ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਦਾਦੇ ਛਿੰਦਾ ਮਸੀਹ ਨੇ ਕਿਹਾ ਕਿ ਉਨ੍ਹਾਂ ਦਾ ਪੋਤਾ ਰਾਤ ਸਾਧਾਂਵਾਲੀ ਬਸਤੀ 'ਚ ਰਹਿਣ ਵਾਲੇ ਬਿੱਲਾ ਨਾਮੀ ਨੌਜਵਾਨ ਕੋਲ ਗਿਆ ਸੀ ਜਿੱਥੇ ਉਸਨੇ ਓਵਰਡੋਜ਼ ਟੀਕਾ ਲਗਾ ਲਿਆ ਅਤੇ ਇਸ ਦੀ ਮੌਕੇ ਉੱਤੇ ਮੌਤ ਹੋ ਗਈ। ਮ੍ਰਿਤਕ ਦੇ ਦਾਦੇ ਨੇ ਕਿਹਾ ਕਿ ਉਕਤ ਨੌਜਵਾਨਾਂ ਦੀ ਚਿੱਟੇ ਨਸ਼ੇ ਦੇ ਟੀਕੇ ਲਗਾਉਂਦਿਆਂ ਦੀ ਵੀਡੀਓ ਵੀ ਵਾਇਰਲ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ ਹੈ ਕਿ ਕੱਲ੍ਹ ਉਨ੍ਹਾਂ ਦਾ ਬੇਟਾ 7 ਕੁ ਵਜੇ ਘਰੋਂ ਬੂਟ ਲੈਣ ਗਿਆ ਸੀ ਜਿੱਥੇ ਕੁਝ ਨਸ਼ੇ ਦੇ ਆਦੀ ਨੌਜਵਾਨਾਂ ਨੇ ਉਸ ਨੂੰ ਆਪਣੇ ਨਾਲ ਲਿਜਾ ਕੇ ਉਸ ਦੇ ਨਸ਼ੇ ਦਾ ਟੀਕਾ ਲਗਾ ਦਿੱਤਾ, ਜਿਸ ਕਾਰਨ ਸਾਡੇ ਬੱਚੇ ਦੀ ਮੌਤ ਹੋ ਗਈ ਹੈ, ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸਾਡਾ ਘਰ ਪੱਟਿਆ ਹੈ ਉਨ੍ਹਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।