ਬਿਸ਼ਨੋਈ ਗੈਂਗ ਦੇ 2 ਗੈਂਗਸਟਰ ਪਿਸਤੌਲਾਂ ਤੇ ਸਫਾਰੀ ਗੱਡੀ ਸਣੇ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਹਾਲੀ ਵਿਖੇ ਐੱਸ. ਏ. ਐੱਸ. ਨਗਰ ਮੋਹਾਲੀ ਦੇ ਸੀਨੀਅਰ ਪੁਲਿਸ ਕਪਤਾਨ ਵਿਵੇਕ ਸ਼ੀਲ ਸੋਨੀ ਨੇ ਕਿਹਾ ਹੈ ਕਿ ਮੋਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਕੈਨੇਡਾ ਬੈਠੇ ਵਿਦੇਸ਼ੀ ਹੈਂਡਲਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ 2 ਐਕਟਿਵ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ। ਬਿਸ਼ਨੋਈ ਗਰੁੱਪ ਨੂੰ ਪੂਰੇ ਪੰਜਾਬ 'ਚ ਚਲਾ ਰਹੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸੁਖਮੰਦਰ ਸਿੰਘ ਤੇ ਉਸ ਦੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਨੇੜੇ ਦਾਣਾ ਮੰਡੀ ਭੀਖੀ ਜ਼ਿਲ੍ਹਾ ਮਾਨਸਾ ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 2 ਪਿਸਤੌਲਾਂ ਸਮੇਤ ਐਮੂਨੀਸ਼ਨ ਅਤੇ ਇਕ ਚਿੱਟੇ ਰੰਗ ਦੀ ਸਫਾਰੀ ਗੱਡੀ ਬਰਾਮਦ ਕੀਤੀ।

ਸੀਨੀਅਰ ਪੁਲਿਸ ਕਪਤਾਨ ਦੱਸਿਆ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਜੇਲ ਵਿਚ ਬੈਠਾ ਸਾਥੀ ਮਨਪ੍ਰੀਤ ਸਿੰਘ ਮੰਨਾ ਤਲਵੰਡੀ ਸਾਬੋ ਬਠਿੰਡਾ ਤੋਂ ਪੂਰੇ ਪੰਜਾਬ 'ਚ ਆਪਣਾ ਗੈਂਗ ਆਪ੍ਰੇਟ ਕਰ ਰਿਹਾ ਹੈ, ਜਿਸ ਦੇ ਸਾਥੀ ਟਰਾਈਸਿਟੀ ਏਰੀਏ 'ਚ ਟਿਕਾਣੇ ਬਣਾਉਣ ਲੱਗੇ ਹੋਏ ਹਨ ਗੈਂਗਸਟਰ ਮੰਨਾ ਨੂੰ ਜਦੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੁਲਿਸ ਨੂੰ ਉਸ ਦੇ ਗਰੁੱਪ ਦੀਆਂ ਅਪਰਾਧਿਕ ਯੋਜਨਾਵਾਂ ਬਾਰੇ ਦੱਸਿਆ ਤੇ ਇਹ ਵੀ ਦੱਸਿਆ ਕਿ ਕੈਨੇਡਾ 'ਚ ਬੈਠੇ ਗੋਲਡੀ ਬਰਾੜ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਗੁਰੂਗ੍ਰਾਮ ਦੇ ਨੇੜਿਓਂ 3 ਪਿਸਤੌਲ ਦਿਵਾਏ ਸਨ, ਜਿਨ੍ਹਾਂ 'ਚ ਇਕ 30 ਬੋਰ, ਇਕ 32 ਬੋਰ ਅਤੇ ਇਕ 315 ਬੋਰ ਦਾ ਸੀ।

ਪੁਲਿਸ ਕਪਤਾਨ ਸੋਨੀ ਨੇ ਦੱਸਿਆ ਕਿ ਜਾਣਕਾਰੀ ਦੇ ਅਧਾਰ 'ਤੇ ਜਲਵਾਯੂ ਟਾਵਰ ਨੇੜੇ ਨਾਕਾਬੰਦੀ ਦੌਰਾਨ ਬਿਸ਼ਨੋਈ ਗਰੁੱਪ ਦੇ ਮਨਪ੍ਰੀਤ ਸਿੰਘ ਮੰਨਾ ਦੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਨੂੰ ਚਿੱਟੇ ਰੰਗ ਦੀ ਇਕ ਟਾਟਾ ਸਫਾਰੀ 'ਚੋਂ ਗ੍ਰਿਫਤਾਰ ਕਰਕੇ ਉਸ ਪਾਸੋਂ 32 ਬੋਰ ਸਮੇਤ 6 ਕਾਰਤੂਸ ਅਤੇ 315 ਬੋਰ ਦੇ ਪਿਸਤੌਲ ਸਮੇਤ 2 ਕਾਰਤੂਸ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।