ਅਮਰੀਕਾ ਦੇ ਸਿਨਸਨਾਟੀ ਵਿਚ ਗੋਲੀਬਾਰੀ, 2 ਹਲਾਕ 3 ਹੋਰ ਲੋਕ ਜ਼ਖਮੀ

by vikramsehajpal

ਸਿਨਸਨਾਟੀ (ਦੇਵ ਇੰਦਰਜੀਤ)- ਅਮਰੀਕਾ ਦੇ ਸਿਨਸਨਾਟੀ ਵਿਚ 4 ਜੁਲਾਈ ਨੂੰ ਕੀਤੀ ਗਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਜ਼ਖ਼ਮੀ ਹੋ ਗਏ। ਲੈਫਟੀਨੈਂਟ ਕਰਨਲ ਲੀਜ਼ਾ ਡੇਵਿਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਗੋਲੀਬਾਰੀ ਦੀ ਘਟਨਾ ਐਤਵਾਰ ਰਾਤ ਨੂੰ ਸਮੇਲ ਪਾਰਕ ਇਲਾਕੇ ਵਿਚ ਵਾਪਰੀ। ਮੌਕੇ 'ਤੇ ਹੀ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜੇ ਸ਼ਖਸ ਨੇ ਇਕ ਹਸਪਤਾਲ ਵਿਚ ਦਮ ਤੋੜਿਆ।

ਪੁਲਸ ਨੇ ਕਿਹਾ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ 3 ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਦੋ ਲੋਕ ਮਾਮੂਲੀ ਰੂਪ ਨਾਲ ਜ਼ਖ਼ਮੀ ਹਨ ਜਦਕਿ ਤੀਜੇ ਵਿਅਕਤੀ ਦੀ ਹਾਲਤ ਗੰਭੀਰ ਹੈ। ਬਿੱਜੀ ਪਾਰਕ ਵਿਚ ਆਤਿਸ਼ਬਾਜ਼ੀ ਕਰਨ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ। ਅਮਬੇਰ ਗ੍ਰੇ ਨੇ WXIX-TV ਨੂੰ ਦੱਸਿਆ ਕਿ ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ ਉਦੋਂ ਉਹ ਆਪਣੇ ਬੇਟੇ ਨਾਲ ਪਾਰਕ ਵਿਚ ਸੀ। ਉਹਨਾਂ ਨੇ ਕਿਹਾ,''ਅਸੀਂ ਗੋਲੀਆਂ ਚੱਲਣ ਦੀਆਂ ਅਵਾਜ਼ਾ ਸੁਣੀਆਂ, ਚੀਕਾਂ ਸੁਣੀਆਂ ਅਤੇ ਦੇਖਿਆ ਕਿ ਸਾਰੇ ਭੱਜ ਰਹੇ ਸਨ ਅਤੇ ਚੀਕ ਰਹੇ ਹਨ।''

ਉਹਨਾਂ ਨੇ ਅੱਗੇ ਕਿਹਾ ਕਿ ਉਹ ਵੀ ਆਪਣੇ ਬੱਚੇ ਨਾਲ ਆਪਣੀ ਕਾਰ ਵੱਲ ਭੱਜੀ।ਡੇਵਿਸ ਨੇ ਕਿਹਾ ਕਿ ਗੋਲੀਬਾਰੀ ਸਮੇਂ 400-500 ਨੌਜਵਾਨ ਪਾਰਕ ਵਿਚ ਸਨ। ਡੇਵਿਸ ਨੇ ਅੱਗੇ ਕਿਹਾ ਕਿ ਪੁਲਸ ਕੋਲ ਸ਼ੱਕੀ ਦੇ ਬਾਰੇ ਤੁਰੰਤ ਕੋਈ ਸੂਚਨੀ ਨਹੀਂ ਹੈ ਅਤੇ ਹਾਲੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਗੋਲੀਬਾਰੀ ਬਿਨਾਂ ਕਾਰਨ ਕੀਤੀ ਗਈ ਸੀ ਜਾਂ ਕਿਸੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ।