20 ਨੂੰ ਮੋਗਾ ਪੰਜ਼ਾਬ ਆਉਣਗੇ ਦਿੱਲੀ ‘CM’ ਅਰਵਿੰਦ ਕੇਜ਼ਰੀਵਾਲ

by vikramsehajpal

ਦਿੱਲੀ (ਦੇਵ ਇੰਦਰਜੀਤ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਨਵੰਬਰ ਨੂੰ ਮੋਗਾ ਆ ਰਹੇ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਦਾ 14 ਨਵੰਬਰ ਨੂੰ ਮੋਗਾ ਆਉਣ ਦਾ ਪ੍ਰੋਗਰਾਮ ਸੀ ਜੋ ਐਨ ਮੌਕੇ ਰੱਦ ਕਰ ਦਿੱਤਾ ਗਿਆ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੇਜਰੀਵਾਲ ਲਗਾਤਾਰ ਪੰਜਾਬ ਆ ਰਹੇ ਹਨ।

ਚਰਚਾ ਹੈ ਕਿ ਕੇਜਰੀਵਾਲ ਮੋਗਾ ਦੌਰੇ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਸੋਨੂੰ ਸੂਦ ਇੰਨ੍ਹੀ ਦਿਨੀਂ ਮੋਗਾ ਸਥਿਤ ਆਪਣੇ ਘਰ ਵਿਚ ਹੀ ਹਨ। ਬੀਤੇ ਦਿਨੀਂ ਸੋਨੂੰ ਸੂਦ ਨੇ ਪ੍ਰੈੱਸ ਕਾਨਫਰੰਸ ਕਰਕੇ ਭੈਣ ਮਾਲਵਿਕਾ ਦੇ ਚੋਣ ਲੜਨ ਦਾ ਐਲਾਨ ਕੀਤਾ।

ਸੂਦ ਨੇ ਪੂਰੀ ਤਰ੍ਹਾਂ ਪੱਤੇ ਤਾਂ ਨਹੀਂ ਖੋਲ੍ਹੇ ਅਤੇ ਨਾ ਹੀ ਇਹ ਸਾਫ ਕੀਤਾ ਕਿ ਆਖਿਰ ਮਾਲਵਿਕਾ ਕਿਸ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਰਨਗੇ ਪਰ ਇੰਨਾ ਸੰਕੇਤ ਜ਼ਰੂਰ ਦਿੱਤਾ ਕਿ ਮਾਲਵਿਕਾ ਮੋਗਾ ਤੋਂ ਹੀ ਚੋਣ ਲੜਨਗੇ।

ਉਂਝ ਸੋਨੂੰ ਸੂਦ ਵਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਅਤੇ ਚਰਚਾ ਸੀ ਕਿ ਉਹ ਕਾਂਗਰਸ ਵਿਚ ਸ਼ਮੂਲੀਅਤ ਕਰ ਸਕਦੇ ਹਨ ਪਰ ਉਨ੍ਹਾਂ ਸਾਫ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਭੈਣ ਚੋਣ ਜ਼ਰੂਰ ਲੜੇਗੀ ਪਰ ਕਿਸ ਪਾਰਟੀ ਦੀ ਉਹ ਉਮੀਦਵਾਰ ਬਣੇਗੀ ਇਹ ਅਜੇ ਤੈਅ ਨਹੀਂ ਹੋਇਆ ਹੈ।

ਉਹ ਵੱਖ ਵੱਖ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲੈਣਗੇ। ਹੁਣ ਜਦੋਂ ਕੇਜਰੀਵਾਲ 20 ਨਵੰਬਰ ਨੂੰ ਇਕ ਦਿਨਾਂ ਪੰਜਾਬ ਦੌਰੇ ’ਤੇ ਆ ਰਹੇ ਹਨ ਅਤੇ ਇਹ ਦੌਰਾ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿ ਉਹ ਸੋਨੂੰ ਸੂਦ ਨਾਲ ਮੁਲਾਕਾਤ ਕਰਦੇ ਹਨ ਜਾਂ ਨਹੀਂ, ਉਥੇ ਹੀ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਵੀ ਟਿੱਕੀਆਂ ਰਹਿਣਗੀਆਂ ਕਿ ਕੇਜਰੀਵਾਲ ਤੀਸਰੀ ਗਾਰੰਟੀ ਕਿਹੜੀ ਦਿੰਦੇ ਹਨ।