2022 ਦੀ ਚੋਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਵੇਗੀ : ਹਰੀਸ਼ ਰਾਵਤ

by vikramsehajpal

ਜਲੰਧਰ (ਦੇਵ ਇੰਦਰਜੀਤ) : 2022 ਦੀ ਚੋਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਲੜੀ ਜਾਵੇਗੀ ਪਰ ਪਾਰਟੀ ਦੀ ਕਮਾਨ ਨਵਜੋਤ ਸਿੰਘ ਸਿੱਧੂ ਦੇ ਹੱਥ ਵਿਚ ਰਹੇਗੀ। ਜੇਕਰ ਕਾਂਗਰਸ ਪੰਜਾਬ ਵਿਚ ਚੋਣ ਜਿੱਤਦੀ ਹੈ ਤਾਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਾਂਗਰਸ ਹਾਈਕਮਾਨ ਕਰੇਗੀ। ਇਹ ਗੱਲ ਸੋਮਵਾਰ ਨੂੰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਹੀ। ਇਕ ਗੱਲਬਾਤ ਦੌਰਾਨ ਹਰੀਸ਼ ਰਾਵਤ ਨੇ ਕਿਹਾ ਕਿ 2022 ਦੀ ਚੋਣ ਜਿੱਤਣ ਤੋਂ ਬਾਅਦ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਰੇਗੀ। ਅੱਗੇ ਦੀ ਜ਼ਿੰਮੇਵਾਰੀ ਕਿਸ ਦੇ ਹੱਥ ਵਿਚ ਸੌਂਪਣੀ ਹੈ, ਇਹ ਸੋਨੀਆ ਗਾਂਧੀ ਹੀ ਤੈਅ ਕਰੇਗੀ।

ਪੰਜਾਬ ਕਾਂਗਰਸ ਸੰਕਟ ’ਤੇ ਰਾਵਤ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਸਕਦੇ ਹਨ ਕਿ ਸੰਕਟ ਪੂਰੀ ਤਰ੍ਹਾਂ ਹਟ ਗਿਆ ਹੈ। ਕਾਂਗਰਸ ਇਕ ਜੀਵੰਤ ਪਾਰਟੀ ਹੈ ਤਾਂ ਸਵਾਲ ਤਾਂ ਉੱਠਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਬਹੁਤ ਜ਼ਿਆਦਾ ਸਫ਼ਲ ਨਹੀਂ ਹੋ ਸਕੀਆਂ ਹਨ, ਜੋ ਵੀ ਮਸਲੇ ਹੱਲ ਹੋਏ ਹਨ, ਉਹ ਕੈਪਟਨ ਅਤੇ ਸਿੱਧੂ ਦੀ ਭਾਵਨਾ ਦੇ ਆਧਾਰ ’ਤੇ ਹੋਏ ਹਨ। ਕੁੱਝ ਸਾਲ ਪਹਿਲਾਂ ਹੀ ਕਾਂਗਰਸ ਵਿਚ ਆਏ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ’ਤੇ ਰਾਵਤ ਨੇ ਕਿਹਾ ਕਿ ਕਾਂਗਰਸ ਦੀ ਕੋਸ਼ਿਸ਼ ਬਿਹਤਰ ਟੈਲੇਂਟ ਦਾ ਫਾਇਦਾ ਉਠਾਉਣ ਦੀ ਹੈ ਤਾਂ ਕਿ ਉਹ ਕਿਸੇ ਦੂਜੇ ਪਾਸੇ ਨਾ ਜਾਵੇ। ਇਸ ਟੈਲੇਂਟ ਨੂੰ ਨਾਲ ਜੋੜੀ ਰੱਖਣ ਲਈ ਖੁੱਲ੍ਹੇ ਮਨ ਨਾਲ ਕਾਰਜ ਕੀਤਾ ਜਾ ਰਿਹਾ ਹੈ ਪਰ ਕਾਂਗਰਸ ਪਾਰਟੀ ਦੇ ਮੂਲ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਗੱਲ ਕਰਦਿਆਂ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ’ਤੇ ਜਨਤਾ ਨੂੰ ਭਰੋਸਾ ਹੈ। ਕਿਸਾਨ ਅੰਦੋਲਨ ਦੌਰਾਨ ਕੈਪਟਨ ਦੀ ਲੀਡਰਸ਼ਿਪ ਨੇ ਪੰਜਾਬ ਵਿਚ ਅਸ਼ਾਂਤੀ ਨਹੀਂ ਫੈਲਣ ਦਿੱਤੀ, ਸਗੋਂ ਪੰਜਾਬ ਨੂੰ ਉਤਪਾਦਕ ਬਣਾਇਆ। ਹਰੀਸ਼ ਰਾਵਤ ਨੇ ਉਨ੍ਹਾਂ ਸਭ ਗੱਲਾਂ ਨੂੰ ਅਤੀਤ ਕਰਾਰ ਦਿੱਤਾ, ਜੋ ਕੈਪਟਨ-ਸਿੱਧੂ ਵਿਚਾਲੇ ਮਨ-ਮੁਟਾਅ ਦਾ ਕਾਰਣ ਬਣੀਆਂ। ਉਨ੍ਹਾਂ ਕਿਹਾ ਕਿ ਜਦੋਂ ਬਾਹਾਂ ਖੋਲ੍ਹ ਦਿੱਤੀਆਂ ਜਾਂਦੀਆਂ ਹਨ ਤਾਂ ਅਤੀਤ ਦੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ। ਸਿੱਧੂ ਨੇ ਅਸ਼ੀਰਵਾਦ ਮੰਗਿਆ ਤਾਂ ਕੈਪਟਨ ਨੇ ਵੀ ਚਾਹ ਪਾਰਟੀ ਦਿੱਤੀ। ਇਸ ਤਰ੍ਹਾਂ ਦੋਵਾਂ ਵਲੋਂ ਹੋਈ ਸ਼ੁਰੂਆਤ ਚੰਗੀ ਗੱਲਬਾਤ ਦਾ ਪੁਲ ਬਣੀ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਿੱਧੂ ਦੇ ਹਾਵਭਾਵ ਦੀ ਗੱਲ ਹੈ ਤਾਂ ਕਾਂਗਰਸ ਨੂੰ ਸਿੱਧੂ ਦੀ ਹਮਲਾਵਰਤਾ ਚਾਹੀਦੀ ਹੈ ਕਿਉਂਕਿ ਉਨ੍ਹਾਂ ਵਰਗਾ ਫਰੰਟ ਫੁੱਟ ’ਤੇ ਬੈਟਿੰਗ ਕਰਨ ਵਾਲਾ ਪ੍ਰਦੇਸ਼ ਪ੍ਰਧਾਨ ਚਾਹੀਦਾ ਹੈ।