ਤਪਾ ਮੰਡੀ ਦੇ ਅਗਨੀਵੀਰ ਦੀ ਜੰਮੂ ‘ਚ ਡਿਊਟੀ ਦੌਰਾਨ ਮੌਤ, ਪਰਿਵਾਰ ਨੇ ਸਿਹਰਾ ਬੰਨ੍ਹ ਕੇ ਦਿੱਤੀ ਅੰਤਿਮ ਵਿਦਾਈ

by jagjeetkaur

ਜ਼ਿਲ੍ਹਾ ਬਰਨਾਲਾ ਦੀ ਸਬ-ਡਵੀਜ਼ਨ ਤਪਾ ਮੰਡੀ ਦੇ ਪਿੰਡ ਮਹਿਤਾ ਦੇ 22 ਸਾਲ ਦੇ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦੀ ਜੰਮੂ ‘ਚ ਡਿਊਟੀ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਪੁੱਤਰ ਰਿਟਾਇਰਡ ਸੂਬੇਦਾਰ ਨਾਇਬ ਸਿੰਘ ਸੀ। ਜਿਸ ਦੀ ਪਿਛਲੀ ਦਿਨੀਂ ਜੰਮੂ ਇਲਾਕੇ ਅੰਦਰ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਫੋਰ ਸਿੱਖ ਲਾਈ ਯੂਨਿਟ ਵਿੱਚ ਡਿਊਟੀ ਕਰਦਾ ਸੀ, ਜੋ ਪਿਛਲੇ 1 ਸਾਲ 9 ਮਹੀਨੇ ਪਹਿਲਾਂ ਹੀ ਦੇਸ਼ ਦੀ ਸੇਵਾ ਕਰਨ ਲਈ ਅਗਨੀਵੀਰ ਭਰਤੀ ਰਾਹੀਂ ਫੌਜ ਵਿੱਚ ਭਰਤੀ ਹੋਇਆ ਸੀ।

ਪਿਛਲੇ ਦਿਨੀਂ ਸਵੇਰੇ 9 ਵਜੇ ਦੇ ਕਰੀਬ ਫੌਜੀ ਸੁਖਵਿੰਦਰ ਸਿੰਘ ਦੀ ਗੱਲ ਉਸ ਦੇ ਪਿਤਾ ਸਾਬਕਾ ਸੂਬੇਦਾਰ ਨਾਇਬ ਸਿੰਘ ਨਾਲ ਹੋਈ ਸੀ, ਪਰ ਬਾਅਦ ਦੁਪਹਿਰ 12 ਵਜੇ ਦੇ ਕਰੀਬ ਉਸ ਦੇ ਪਿਤਾ ਨੂੰ ਇੱਕ ਫੌਜ ਅਫਸਰ ਦੇ ਫੋਨ ਤੋਂ ਸੂਚਨਾ ਮਿਲਦੀ ਹੈ ਕਿ ਉਸ ਦੇ ਫੌਜੀ ਪੁੱਤਰ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਜਿਸ ਨੂੰ ਲੈ ਕੇ ਅੱਜ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇ ਉਸ ਦੇ ਪਿੰਡ ਮਹਿਤਾ ਵਿਖੇ ਪਹੁੰਚੀ।

ਮ੍ਰਿਤਕ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਅਜੇ ਕੁਆਰਾ ਸੀ, ਜਿਸ ਦਾ ਵਿਆਹ ਨਹੀਂ ਹੋਇਆ ਸੀ। ਉਹ ਆਪਣੇ ਪਿੱਛੇ ਆਪਣਾ ਵੱਡਾ ਭਰਾ, ਮਾਤਾ-ਪਿਤਾ ਛੱਡ ਗਿਆ। ਮ੍ਰਿਤਕ ਅਗਨੀਵੀਰ ਫੌਜੀ ਸੁਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ-ਰਿਵਾਜ਼ਾਂ ਮੁਤਾਬਕ ਕੀਤਾ ਗਿਆ, ਉੱਥੇ ਸਾਬਕਾ ਫੌਜੀਆਂ ਦੀ ਟੁਕੜੀ ਵੱਲੋਂ ਉਸ ਦੀ ਮ੍ਰਿਤਕ ਦੇਹ ਉੱਪਰ ਦੇਸ਼ ਦਾ ਤਿਰੰਗਾ ਝੰਡਾ ਦੇਕੇ ਸਲਾਮੀ ਦਿੱਤੀ ਗਈ।