ਸੰਦੀਪ ਨੰਗਲ ਅੰਬੀਆ ਦੇ 4 ਕਾਤਲ ਪੁਲਿਸ ਨੇ ਕੀਤੇ ਕਾਬੂ, ਇਸ ਕਬੱਡੀ ਪਰਮੋਟਰ ਨੇ ਰਚੀ ਕਤਲ ਦੀ ਸਾਜ਼ਿਸ਼

by jaskamal

ਨਿਊਜ਼ ਡੈਸਕ : ਬੀਤੇ ਦਿਨੀਂ ਜਲੰਧਰ ਦੇ ਮੱਲੀਆਂ ਪਿੰਡ ਵਿਖੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰਨ ਵਾਲੇ ਚਾਰ ਹਮਲਾਵਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਡੀਜੀਪੀ ਪੰਜਾਬ ਵੀਕੇ ਭੰਵਰਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਕਤਲ ਦੀ ਸਾਜ਼ਿਸ਼ ਵਿਦੇਸ਼ 'ਚੋਂ ਰਚੀ ਗਈ ਸੀ। ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਆਖਰ ਸੰਦੀਪ ਦਾ ਕਤਲ ਕਿਉਂ ਕਰਵਾਇਆ ਗਿਆ ਸੀ। ਪੁਲਿਸ ਵੱਲੋਂ ਕਾਬੂ ਕੀਤੇ ਗਏ ਚਾਰ ਮੁਲਜ਼ਮਾਂ ਦੀ ਪਛਾਣ ਫਤਿਹ ਸਿੰਘ ਉਰਫ ਯੁਵਰਾਜ ਵਾਸੀ ਸੰਗਰੂਰ, ਕੌਸ਼ਲ ਚੌਧਰੀ ਗੁਰੂਗ੍ਰਾਮ ਹਰਿਆਣਾ, ਅਮਿਤ ਵਾਸੀ ਹਰਿਆਣਾ, ਸਿਰਨਜੀਤ ਜੁਝਾਰ ਯੂਪੀ ਪਿਲੀਭੀਤ ਦਾ ਰਹਿਣ ਵਾਲਾ ਹੈ, ਜਿਨ੍ਹਾਂ 'ਤੇ ਪਹਿਲਾਂ ਵੀ ਮਾਮਲੇ ਦਰਜ ਹਨ।

ਪੁਲਿਸ ਦਾ ਕਹਿਣਾ ਹੈ ਕਿ ਫਤਿਹ ਸਿੰਘ ਤੇ ਹੋਰ ਮੁਲਜ਼ਮਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਕਤਲ ਦਾ ਸਾਜ਼ਿਸ਼ ਵਿਦੇਸ਼ ਵਿਚ ਰਹਿੰਦੇ ਅੰਮ੍ਰਿਤਸਰ ਦੇ ਸਨਾਵਰ ਸਿੰਘ ਢਿੱਲੋਂ, ਜੋ ਕਿ ਇਸ ਸਮੇਂ ਕੈਨੇਡਾ ਦੇ ਬਰੈਂਪਟਨ ਵਿਖੇ ਰਹਿੰਦੇ ਹਨ। ਇਸ ਦੇ ਨਾਲ ਹੀ ਕੈਨੇਡੀਅਨ ਸਥ ਟੀਵੀ ਰੇਡੀਓ ਸ਼ੋਅ ਦੇ ਡਾਇਰੈਕਟਰ ਤੇ ਪਰਡਿਊਸਰ ਸੁਖਵਿੰਦਰ ਸਿੰਘ ਸੁੱਖਾ, ਜਗਜੀਤ ਸਿੰਘ ਗਾਂਧੀ ਮਲੇਸ਼ੀਆ ਵਿਚ ਰਹਿੰਦਾ ਹੈ, ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਨਾਵਰ ਸਿੰਘ ਨੇ ਨੈਸ਼ਨਲ ਕਬੱਡੀ ਫੈੱਡਰੇਸ਼ਨ ਆਫ ਓਨਟਾਰੀਓ ਬਣਾਈ ਸੀ ਤੇ ਬਹੁਤ ਸਾਰੇ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ 'ਚ ਆਉਣ ਲਈ ਕਹਿੰਦਾ ਸੀ ਪਰ ਜ਼ਿਆਦਾਤਰ ਖਿਡਾਰੀ ਮੇਜਰ ਲੀਗ ਆਫ ਕਬੱਡੀ, ਜੋ ਕਿ ਸੰਦੀਪ ਨੰਗਲ ਅੰਬੀਆਂ ਨੇ ਬਣਾਈ ਸੀ ਉਸ ਨਾਲ ਜੁੜੇ ਹੋਏ ਸਨ, ਇਹੀ ਕਾਰਨ ਸੀ ਕਿ ਸਨਾਵਰ ਸਿੰਘ ਵੱਲੋਂ ਸਾਥੀਆਂ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਸੀ।