ਜੰਮੂ ਕਸ਼ਮੀਰ ਅੱਤਵਾਦੀ ਹਮਲੇ ‘ਚ 4 CRPF ਜਵਾਨ ਅਤੇ ਇਕ ਨਾਗਰਿਕ ਜ਼ਖਮੀ

by vikramsehajpal

ਜੰਮੂ ਕਸ਼ਮੀਰ (ਦੇਵ ਇੰਦਰਜੀਤ) : ਉੱਤਰ ਕਸ਼ਮੀਰ ਦੇ ਬਾਰਾਮੂਲਾ 'ਚ ਸ਼ੁੱਕਰਵਾਰ ਨੂੰ ਗ੍ਰਨੇਡ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਸੀ.ਆਰ.ਪੀ.ਐੱਫ. ਦੇ ਇਕ ਸਹਾਇਕ ਸਬ ਇੰਸਪੈਕਟਰ ਸਮੇਤ 4 ਜਵਾਨ ਅਤੇ ਇਕ ਨਾਗਰਿਕ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਬਾਰਾਮੂਲਾ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਖਾਨਪਾਰੋ ਬਰਿੱਜ 'ਤੇ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. 'ਤੇ ਗ੍ਰਨੇਡ ਸੁੱਟਿਆ। ਉਨ੍ਹਾਂ ਕਿਹਾ,''ਗ੍ਰਨੇਡ ਹਮਲੇ 'ਚ ਇਕ ਏ.ਐੱਸ.ਆਈ. ਅਤੇ ਤਿੰਨ ਹੋਰ ਸੀ.ਆਰ.ਪੀ.ਐੱਫ. ਜਵਾਨਾਂ ਤੋਂ ਇਲਾਵਾ ਇਕ ਨਾਗਰਿਕ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਧਮਾਕੇ ਕਾਰਨ ਪੈਦਾ ਹੋਈ ਭੱਜ-ਦੌੜ ਦੌਰਾਨ ਅੱਤਵਾਦੀ ਫ਼ਾਇਦਾ ਚੁੱਕ ਕੇ ਦੌੜਨ 'ਚ ਸਫ਼ਲ ਰਹੇ। ਐਡੀਸ਼ਨਲ ਸੁਰੱਖਿਆ ਫ਼ੋਰਸਾਂ ਨੂੰ ਇਲਾਕੇ ਵੱਲ ਭੇਜਿਆ ਗਿਆ ਹੈ ਅਤੇ ਹਮਲਾਵਰਾਂ ਦੀ ਖੋਜ 'ਚ ਤਲਾਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਅਣਪਛਾਤੇ ਅੱਤਵਾਦੀਆਂ ਨੂੰ ਫੜਨ ਲਈ ਇਲਾਕੇ 'ਚ ਤਿੰਨ ਕਿਲੋਮੀਟਰ ਦੇ ਦਾਇਰੇ 'ਚ ਜਾਂਚ ਚੌਕੀ ਸਥਾਪਤ ਕੀਤੀ ਗਈ ਹੈ ਅਤੇ ਵਾਹਨਾਂ, ਵਿਸ਼ੇਸ਼ ਰੂਪ ਨਾਲ ਦੋਪਹੀਆ ਵਾਹਨਾਂ ਦੀ ਅੱਗੇ ਵਧਣ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।