ਠੰਢ ਤੋਂ ਬਚਣ ਲਈ ਸਟੋਵ ਲਾ ਕੇ ਸੁੱਤੇ ਪਰਿਵਾਰ ਦੇ 4 ਜੀਆਂ ਸਾਹ ਘੁਟਣ ਨਾਲ ਮੌਤ….

by jaskamal

ਨਿਊਜ਼ ਡੈਸਕ (ਜਸਕਮਲ) : ਦਿੱਲੀ ਵਿਖੇ ਸ਼ਾਹਦਰਾ ਦੇ ਸੀਮਾਪੁਰੀ ਖੇਤਰ 'ਚ ਇਕ 30 ਸਾਲਾ ਔਰਤ ਤੇ ਉਸਦੇ ਚਾਰ ਬੱਚਿਆਂ ਦੀ ਕਥਿਤ ਤੌਰ 'ਤੇ ਆਪਣੇ ਕਮਰੇ 'ਚ ਰੱਖੇ ਸਟੋਵ ਤੋਂ ਜ਼ਹਿਰੀਲੇ ਧੂੰਏਂ 'ਚ ਸਾਹ ਲੈਣ ਨਾਲ ਮੌਤ ਹੋ ਗਈ। ਪੁਲਸ ਮੁਤਾਬਕ ਪੁਰਾਣੀ ਸੀਮਾਪੁਰੀ 'ਚ ਇਕ ਘਰ ਦੀ ਪੰਜਵੀਂ ਮੰਜ਼ਿਲ 'ਤੇ ਇਕ ਕਮਰੇ 'ਚ ਚਾਰ ਤੋਂ ਪੰਜ ਵਿਅਕਤੀ ਬੇਹੋਸ਼ ਪਏ ਹੋਣ ਸਬੰਧੀ ਦੁਪਹਿਰ ਕਰੀਬ 1.30 ਵਜੇ ਪੀਸੀਆਰ ਕਾਲ ਆਈ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉੱਥੇ ਪਹੁੰਚਣ 'ਤੇ, ਔਰਤ ਤੇ ਉਸਦੇ ਤਿੰਨ ਬੱਚਿਆਂ ਨੂੰ ਦੀਆਂ ਲਾਸ਼ਾਂ ਉਥੇ ਪਈਆਂ ਸਨ, ਜਦਕਿ ਚੌਥੇ ਤੇ ਸਭ ਤੋਂ ਛੋਟੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੋਹਿਤ ਕਾਲੀਆ (35) ਆਪਣੀ ਪਤਨੀ ਰਾਧਾ ਤੇ ਚਾਰ ਬੱਚਿਆਂ, ਦੋ ਧੀਆਂ ਅਤੇ ਦੋ ਪੁੱਤਰਾਂ ਨਾਲ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸ਼ਾਹਦਰਾ) ਆਰ ਸੱਤਿਆਸੁੰਦਰਮ ਨੇ ਦੱਸਿਆ ਕਿ ਫਲੈਟ ਸ਼ਾਲੀਮਾਰ ਗਾਰਡਨ ਦੇ ਵਸਨੀਕ ਅਮਰਪਾਲ ਸਿੰਘ (60) ਦਾ ਹੈ।

ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਕੜਾਕੇ ਦੀ ਠੰਢ ਕਾਰਨ ਕਮਰੇ ਦੇ ਅੰਦਰ ਰੱਖੇ ਸਟੋਵ ਕਾਰਨ ਦਮ ਘੁੱਟਣ ਨਾਲ ਇਨ੍ਹਾਂ ਸਾਰਿਆਂ ਦੀ ਮੌਤ ਹੋਈ ਹੈ ਕਿਉਂਕਿ ਛੋਟੇ ਕਮਰੇ ਵਿੱਚ ਹਵਾਦਾਰੀ ਨਹੀਂ ਸੀ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।