ਮੁੰਬਈ ‘ਚ 4 ਮੰਜ਼ਿਲਾ ਇਮਾਰਤ ਡਿੱਗੀ, 2 ਦੀ ਮੌਤ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

by mediateam

ਮੁੰਬਈ (ਵਿਕਰਮ ਸਹਿਜਪਾਲ) : ਮੰਗਲਵਾਰ ਨੂੰ ਮੁੰਬਈ ਦੇ ਡੋਂਗਰੀ ਇਲਾਕੇ 'ਚ ਇਕ 4 ਮੰਜ਼ਲਾ ਇਮਾਰਤ ਡਿੱਗ ਗਈ। ਇਮਾਰਤ ਦੇ ਮਲਬੇ ਹੇਠ 40 ਤੋਂ 50 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਕੇ ਦੇ ਫਾਇਰ ਬ੍ਰਿਗੇਡ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਪਹੁੰਚ ਗਈਆਂ ਹਨ। ਰਾਹਤ ਅਤੇ ਬਚਾਅ ਕੰਮ ਚਲਾਇਆ ਜਾ ਰਿਹਾ ਹੈ। ਇਮਾਰਤ ਦੇ ਮਲਬੇ ਹੇਠਾਂ ਦੱਬ ਕੇ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕਾਂ ਨੂੰ ਬਚਾਇਆ ਗਿਆ ਹੈ।

ਐੱਨ. ਡੀ. ਆਰ. ਐੱਫ. ਮੁਤਾਬਕ ਤੰਗ ਗਲੀ ਹੋਣ ਕਾਰਨ ਬਚਾਅ ਕੰਮ 'ਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਓਧਰ ਬੀ. ਐੱਮ. ਸੀ. ਮੁਤਾਬਕ ਅੱਜ ਦੁਪਹਿਰ 11 ਵਜ ਕੇ 48 ਮਿੰਟ 'ਤੇ ਡੋਂਗਰੀ ਇਲਾਕੇ ਵਿਚ ਸਥਿਤ ਕੇਸਰਬਾਈ ਨਾਂ ਦੀ ਇਮਾਰਤ ਡਿੱਗ ਗਈ। ਇਕ ਚਸ਼ਮਦੀਦ ਮੁਤਾਬਕ ਇਹ ਇਮਾਰਤ 100 ਸਾਲ ਪੁਰਾਣੀ ਹੈ ਅਤੇ ਇਸ ਵਿਚ 8 ਤੋਂ 10 ਪਰਿਵਾਰ ਰਹਿੰਦੇ ਹਨ। ਜਦੋਂ ਇਮਾਰਤ ਡਿੱਗੀ ਤਾਂ ਇਸ 'ਚ 40 ਲੋਕ ਮੌਜੂਦ ਸਨ। ਬਚਾਅ ਟੀਮਾਂ ਨੇ ਇਕ ਬੱਚੇ ਨੂੰ ਜ਼ਿੰਦਾ ਬਚਾਇਆ ਹੈ।