DPS ਸਣੇ 5 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਮਿਲਣ ਮਗਰੋਂ ਪੁਲਿਸ ਨੂੰ ਪਈ ਹੱਥਾਂ-ਪੈਰਾਂ ਦੀ

by jaskamal

ਨਿਊਜ਼ ਡੈਸਕ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ 5 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਧਮਕੀ ਮਿਲਣ ਤੋਂ ਬਾਅਦ ਪੁਲਿਸ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ ਤੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਹ ਹਨ- ਮਰਾਠਹੱਲੀ 'ਚ ਡੀਪੀਐੱਸ ਈਸਟ, ਮਹਾਦੇਵਪੁਰਾ 'ਚ ਗੋਪਾਲਨ ਇੰਟਰਨੈਸ਼ਨਲ ਸਕੂਲ, ਮਰਾਠਾਹੱਲੀ 'ਚ ਹੀ ਨਿਊ ਅਕੈਡਮੀ ਸਕੂਲ, ਗੋਵਿੰਦਪੁਰਾ 'ਚ ਇੰਡੀਅਨ ਪਬਲਿਕ ਸਕੂਲ ਅਤੇ ਹੇਨੂਰ 'ਚ ਸੇਂਟ।

ਇਕ ਨਿੱਜੀ ਨਿਊਜ਼ ਏਜੰਸੀ ਮੁਤਾਬਕ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਦੱਸਿਆ ਕਿ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਸਕੂਲ ਪਹੁੰਚ ਗਈ ਹੈ। ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਬੰਬ ਨਿਰੋਧਕ ਦਸਤੇ ਨੇ ਵੀ ਮੌਕੇ 'ਤੇ ਪਹੁੰਚ ਕੇ ਕੰਮ ਸ਼ੁਰੂ ਕਰ ਦਿੱਤਾ ਹੈ। NDTV ਦੇ ਅਨੁਸਾਰ, ਇਨ੍ਹਾਂ 'ਚੋਂ 4 ਸਕੂਲ ਬੈਂਗਲੁਰੂ ਦੇ ਬਾਹਰਵਾਰ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ ਕਰੀਬ 10.25 ਵਜੇ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ। ਰਿਪੋਰਟਾਂ ਮੁਤਾਬਕ ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।