ਗਊਸ਼ਾਲਾ ਭਵਨ ਵਿਖੇ ਕੋਵਿਡ ਟੀਕਾਕਰਨ ਕੈਂਪ ਦੌਰਾਨ 50 ਨਾਗਰਿਕਾਂ ਨੇ ਲਗਵਾਇਆ ਟੀਕਾ

by vikramsehajpal

ਮਾਨਸਾ,(ਆਨ ਆਰ ਆ ਈ) : ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਨੇ ਸ੍ਰੀ ਗਊਸ਼ਾਲਾ ਭਵਨ ਚੈਰੀਟੇਬਲ ਟਰੱਸਟ ਮਾਨਸਾ ਦੇ ਸਹਿਯੋਗ ਨਾਲ ਕੋਵਿਡ ਟੀਕਾਕਰਨ ਕੈਂਪ ਲਗਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕਰਦਿਆਂ ਫਾਊਂਡੇਸ਼ਨ ਦੇ ਚੇਅਰਮੈਨ ਸ੍ਰੀ ਸੂਰਜ ਛਾਬੜਾ ਤੇ ਪ੍ਰਧਾਨ ਸ਼੍ਰੀ ਰੋਹਿਤ ਸਿੰਗਲਾ ਸਮੇਤ ਹੋਰ ਪ੍ਰਬੰਧਕਾਂ ਦੇ ਉਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵੈਕਸੀਨੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ। ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸਦੇ ਕੋਈ ਗੰਭੀਰ ਮਾੜੇ ਪ੍ਰਭਾਵ ਸਾਹਮਣੇ ਨਹੀਂ ਆਏ। ਉਨਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਦੇ ਨਾਲ ਨਾਲ ਹੋਰਨਾਂ ਸਾਵਧਾਨੀਆਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਹਰੇਕ ਵਿਅਕਤੀ ਵੱਲੋਂ ਮੂੰਹ ਨੂੰ ਮਾਸਕ ਨਾਲ ਢਕ ਕੇ ਰੱਖਿਆ ਜਾਵੇ, ਉਚਿਤ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਹੱਥਾਂ ਨੂੰ ਸਾਬਣ ਪਾਣੀ ਜਾਂ ਸੈਨੇਟਾਈਜਰ ਨਾਲ ਸਮੇਂ ਸਮੇਂ ਸਾਫ ਕੀਤਾ ਜਾਵੇ।
ਉਨਾਂ ਦੱਸਿਆ ਕਿ ਵੈਕਸੀਨੇਸ਼ਨ ਦੇ ਨਾਲ ਨਾਲ ਸੈਪਲਿੰਗ ਵੀ ਬਹੁਤ ਜਰੂਰੀ ਹੈ। ਕੋਵਿਡ-19 ਦੇ ਲੱਛਣ ਸਾਹਮਣੇ ਆਉਣ ‘ਤੇ ਜਲਦੀ ਤੋਂ ਜਲਦੀ ਜਾਂਚ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਇਲਾਜ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਪਾਜੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ‘ਤੇ ਵੀ ਸੈੰਪਲਿੰਗ ਜਰੂਰ ਕਰਵਾਈ ਜਾਵੇ। ਕੈਂਪ ਦੌਰਾਨ 50 ਨਾਗਰਿਕਾਂ ਵਲੋਂ ਟੀਕਾਕਰਨ ਕਰਵਾਇਆ ਗਿਆ।
ਇਸ ਮੌਕੇ ਸਿਵਲ ਸਰਜਨ ਡਾ ਸੁਖਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰਣਜੀਤ ਸਿੰਘ ਰਾਏ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਸੰਜੀਵ ਓਬਰਾਏ, ਸੀਨੀਅਰ ਮੈਡੀਕਲ ਅਫ਼ਸਰ ਡਾ ਹਰਚੰਦ ਸਿੰਘ ਤੋਂ ਇਲਾਵਾ ਫਾਊਂਡੇਸ਼ਨ ਦੇ ਹੋਰ ਮੈਂਬਰ ਅਤੇ ਪਤਵੰਤੇ ਹਾਜਰ ਸਨ।