ਸੋਨੇ ਦੀ ਖਾਨ ਨੇੜੇ ਹੋਇਆ ਜ਼ਬਰਦਸਤ ਧਮਾਕਾ, 59 ਲੋਕਾਂ ਦੀ ਮੌਤ, 100 ਤੋਂ ਵਧ ਜ਼ਖਮੀ

by jaskamal

ਨਿਊਜ਼ ਡੈਸਕ : ਦੱਖਣੀ-ਪੱਛਮੀ ਬੁਰਕੀਨਾ ਫਾਸੋ 'ਚ ਸੋਮਵਾਰ ਨੂੰ ਸੋਨੇ ਦੀ ਖਾਨ ਨੇੜੇ ਜ਼ਬਰਦਸਤ ਧਮਾਕੇ 'ਚ ਘੱਟੋ-ਘੱਟ 59 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ।ਇਹ ਜਾਣਕਾਰੀ ਰਾਸ਼ਟਰੀ ਪ੍ਰਸਾਰਕ ਨੇ ਦਿੱਤੀ ਹੈ। ‘ਆਰਟੀਬੀ’ ਦੀ ਖ਼ਬਰ ਮੁਤਾਬਕ ਗਬੋਮਬਲੋਰਾ ਪਿੰਡ 'ਚ ਧਮਾਕੇ ਤੋਂ ਬਾਅਦ ਖੇਤਰੀ ਅਧਿਕਾਰੀਆਂ ਨੇ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਧਮਾਕਾ ਮਾਈਨਿੰਗ ਲਈ ਵਰਤੇ ਜਾਣ ਵਾਲੇ ਰਸਾਇਣਾਂ ਕਾਰਨ ਹੋਇਆ ਹੈ। ਧਮਾਕੇ ਦੌਰਾਨ ਮੌਕੇ ’ਤੇ ਮੌਜੂਦ ਇਕ ਜੰਗਲਾਤ ਕਰਮਚਾਰੀ ਨੇ ‘ਦਿ ਐਸੋਸੀਏਟਡ ਪ੍ਰੈਸ’ (ਏਪੀ) ਨੂੰ ਕਿਹਾ, ‘ਮੈਨੂੰ ਹਰ ਪਾਸੇ ਲਾਸ਼ਾਂ ਨਜ਼ਰ ਆ ਰਹੀਆਂ ਸਨ। ਇਹ ਇਕ ਭਿਆਨਕ ਧਮਾਕਾ ਸੀ।’ ਉਨ੍ਹਾਂ ਦੱਸਿਆ ਕਿ ਪਹਿਲਾ ਧਮਾਕਾ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਨੂੰ ਕਰੀਬ 2 ਵਜੇ ਹੋਇਆ ਸੀ ਅਤੇ ਉਸ ਤੋਂ ਬਾਅਦ ਵੀ ਕਈ ਧਮਾਕੇ ਹੋਏ।