ਤਾਇਵਾਨ ਦੇ 67% ਲੋਕਾਂ ਬੋਲੇ – ਅਸੀਂ ਨ੍ਹੀਂ ਲਵਾਉਣਾ ਚੀਨੀ ਟੀਕਾ

by vikramsehajpal

ਤਾਇਪੇ (ਦੇਵ ਇੰਦਰਜੀਤ) : ਤਾਇਵਾਨ ਦੇ 67 ਫ਼ੀਸਦੀ ਲੋਕਾਂ ਨੇ ਕਿਹਾ ਕਿ ਜੇ ਉਨ੍ਹਾਂ ਦਾ ਦੇਸ਼ ਚੀਨ ਤੋਂ ਕੋਰੋਨਾ ਟੀਕਾ ਦਰਾਮਦ ਕਰਦਾ ਹੈ ਤਾਂ ਉਹ ਇਸ ਨੂੰ ਨਹੀਂ ਲਗਵਾਉਣਗੇ, ਜਦੋਂਕਿ 24.3 ਫ਼ੀਸਦੀ ਲੋਕਾਂ ਨੇ ਟੀਕਾ ਲਗਵਾਉਣ ਹਾਮੀ ਭਰੀ ਹੈ। ਤਾਇਵਾਨ ਟਾਈਮਜ਼ ਮੁਤਾਬਕ ਇਹ ਸਰਵੇ 'ਫੋਕਸ ਸਰਵੇ ਰਿਸਰਚ' ਵੱਲੋਂ ਕੀਤਾ ਗਿਆ ਹੈ।

ਸਰਵੇ ਦੌਰਾਨ 67 ਫ਼ੀਸਦੀ ਲੋਕਾਂ ਨੇ ਜਿੱਥੇ ਇਸ ਨੂੰ ਨਾ ਲੈਣ ਦੀ ਗੱਲ ਕਹੀ ਹੈ ਉੱਥੇ 27.1 ਫ਼ੀਸਦੀ ਲੋਕਾਂ ਨੇ ਬਿਲਕੁਲ ਨਾ ਲੈਣ ਤੇ 39.9 ਫ਼ੀਸਦੀ ਲੋਕਾਂ ਨੇ ਕਿਸੇ ਵੀ ਕੀਮਤ 'ਤੇ ਨਾ ਲੈਣ ਦੀ ਗੱਲ ਕਹੀ ਹੈ। ਦੱਸ ਦਈਏ ਕੀ ਸਟ੍ਰੈਟਜਿਕ ਸਟੱਡੀ ਸੁਸਾਇਟੀ ਦੇ ਪ੍ਰਧਾਨ ਤੇ ਤਾਮਕਾਂਗ ਯੂਨੀਵਰਸਿਟੀ 'ਚ ਐਸੋਸੀਏਟ ਪ੍ਰਰੋਫੈਸਰ ਵਾਂਗ ਕੂ ਯੀ ਨੇ ਕਿਹਾ ਕਿ ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਚੀਨ ਨੇ ਵੈਕਸੀਨ ਨਾਲ ਜੁੜੇ ਵਿਗਿਆਨਿਕ ਅੰਕੜੇ ਮੁਹੱਈਆ ਨਹੀਂ ਕਰਵਾਏ ਹਨ।

ਸਰਵੇ ਦੌਰਾਨ 5.4 ਫ਼ੀਸਦੀ ਲੋਕ ਅਜਿਹੇ ਹਨ, ਜਿਨ੍ਹਾਂ ਨੇ ਕਿਹਾ ਕਿ ਜੇ ਤਾਇਵਾਨ ਚੀਨ ਤੋਂ ਇਨ੍ਹਾਂ ਟੀਕਿਆਂ ਨੂੰ ਮੰਗਵਾਉਂਦਾ ਹੈ ਤਾਂ ਉਹ ਉਸ ਨੂੰ ਜ਼ਰੂਰ ਲਗਵਾਉਣਗੇ। ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਕੀ ਤਾਇਵਾਨ ਤੇ ਚੀਨ ਵੱਲੋਂ ਕੋਈ ਉਦੇਸ਼ਪੂਰਨ ਗੱਲਬਾਤ ਸ਼ੁਰੂ ਕੀਤੀ ਜਾਣ ਦੀ ਉਮੀਦ ਹੈ ਤਾਂ ਇਸ 'ਤੇ 77.9 ਫ਼ੀਸਦੀ ਲੋਕਾਂ ਨੇ ਹਾਂ 'ਚ ਜਵਾਬ ਦਿੱਤਾ ਜਦੋਂਕਿ 13.7 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਉਮੀਦ ਨਹੀਂ ਹੈ।