ਦੱਖਣੀ ਯੂਕਰੇਨ ‘ਚ ਸਰਕਾਰੀ ਹੈੱਡਕੁਆਰਟਰ ‘ਤੇ ਹਮਲੇ ਦੌਰਾਨ 7 ਲੋਕਾਂ ਦੀ ਮੌਤ : ਜ਼ੇਲੇਂਸਕੀ

by jaskamal

ਨਿਊਜ਼ ਡੈਸਕ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣੀ ਸ਼ਹਿਰ ਮਾਈਕੋਲੀਵ 'ਚ ਖੇਤਰੀ ਸਰਕਾਰ ਦੇ ਹੈੱਡਕੁਆਰਟਰ 'ਤੇ ਮਿਜ਼ਾਈਲ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ। ਜ਼ੇਲੇਂਸਕੀ ਨੇ ਦੁਭਾਸ਼ੀਏ ਰਾਹੀਂ ਡੈਨਮਾਰਕ ਦੀ ਸੰਸਦ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੰਗਲਵਾਰ ਨੂੰ ਰੂਸੀ ਫੌਜੀਆਂ ਦੇ ਹਮਲੇ 'ਚ 22 ਲੋਕ ਜ਼ਖਮੀ ਹੋ ਗਏ। ਸਥਾਨਕ ਗਵਰਨਰ ਵਿਟਾਈਲੀ ਕਿਮ ਦੇ ਟੈਲੀਗ੍ਰਾਮ ਚੈਨਲ 'ਤੇ ਇਕ ਵੀਡੀਓ 'ਚ ਦਿਖਿਆ ਕਿ ਹਮਲੇ 'ਚ 9 ਮੰਜ਼ਿਲਾਂ ਇਮਾਰਤ ਤਬਾਹ ਹੋ ਗਈ।

ਕਿਮ ਨੇ ਦੋਸ਼ ਲਾਇਆ ਕਿ ਰੂਸੀ ਫੌਜ ਨੇ ਹਮਲਾ ਕਰਨ ਤੋਂ ਪਹਿਲਾਂ ਇਮਾਰਤ ਦੇ ਕਰਮਚਾਰੀਆਂ ਦੇ ਆਉਣ ਦਾ ਇੰਤਜ਼ਾਰ ਕੀਤਾ ਅਤੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿਉਂਕਿ ਉਹ ਉਥੇ ਨਹੀਂ ਪਹੁੰਚੇ ਸਨ। ਜ਼ੇਲੇਂਸਕੀ ਨੇ ਹਾਲ ਦੇ ਦਿਨਾਂ 'ਚ ਅਮਰੀਕਾ, ਬ੍ਰਿਟੇਨ, ਸਵੀਡਨ, ਜਰਮਨੀ, ਕੈਨੇਡਾ, ਇਜ਼ਰਾਈਲ, ਜਾਪਾਨ ਅਤੇ ਯੂਰਪੀਅਨ ਯੂਨੀਅਨ ਸਮੇਤ ਕਈ ਦੇਸ਼ਾਂ 'ਚ ਸੰਸਦ ਮੈਂਬਰਾਂ ਨੂੰ ਸੰਬੋਧਿਤ ਕੀਤਾ ਹੈ। ਉਹ ਬੁੱਧਵਾਰ ਨੂੰ ਨਾਰਵੇ ਦੀ ਸੰਸਦ ਨੂੰ ਸੰਬੋਧਿਤ ਕਰਨ ਵਾਲੇ ਹਨ। ਜ਼ੇਲੇਂਸਕੀ ਨੇ ਡੈਨਮਾਰਕ ਦੀ ਸੰਸਦ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਜੋ ਹਿੰਸਾ ਦੇਖੀ ਗਈ ਸੀ, ਉਸ ਤੋਂ ਵੀ ਜ਼ਿਆਦਾ ਹਿੰਸਾ ਹੋ ਰਹੀ ਹੈ।