ਹੜਤਾਲ ਨਾਲ ਰੋਡਵੇਜ਼ ਨੂੰ ਹੋ ਰਿਹਾ ਰੋਜ਼ਾਨਾ 7 ਲੱਖ ਦਾ ਘਾਟਾ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਰੋਡਵੇਜ ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਆਧਾਰਿਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ 6 ਸਤੰਬਰ ਤੋਂ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ 6 ਦਿਨ ਵਿਚ ਸ਼ਾਮਲ ਹੋ ਗਈ ਹੈ। ਜਿਸ ਕਾਰਨ ਰੋਡਵੇਜ਼ ਨੂੰ ਰੋਜ਼ਾਨਾ ਹੀ ਕਰੀਬ 7 ਲੱਖ ਰੁਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ। ਇਥੇ ਹੀ ਬੱਸ ਨਹੀਂ ਇਸ ਤੋਂ ਪਹਿਲਾਂ ਜਨਾਨੀਆਂ ਲਈ ਮੁਫ਼ਤ ਬੱਸ ਸਰਵਿਸ ਕਾਰਨ ਵੀ ਰੋਡਵੇਜ਼ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਚੁੱਕਿਆ ਹੈ।

ਯੂਨੀਅਨ ਵੱਲੋਂ ਵੱਡੀ ਗਿਣਤੀ ਵਿਚ ਸਿਸਵਾਂ ਫਾਰਮ ਚੰਡੀਗੜ੍ਹ ਦਾ ਘਿਰਾਓ ਕਰਨ ਤੋਂ ਬਾਅਦ ਮੋਹਾਲੀ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਆਗੂਆਂ ਦੀ ਗੱਲਬਾਤ ਕਰਵਾਉਣ ਲਈ ਲਿਖਤੀ ਪੱਤਰ ਜਾਰੀ ਕੀਤਾ ਗਿਆ। ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਸਰਕਾਰ ਅਤੇ ਮੈਨੇਜਮੈਂਟ ’ਤੇ ਦੋਸ਼ ਲਾਇਆ ਕਿ ਡਿਪੂ ਮੈਨੇਜਰਾ ਰਾਹੀਂ ਸਮੂਹ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਕਿ ਇਹ ਹੜਤਾਲ ਗੈਰਕਾਨੂੰਨੀ ਹੈ, ਹੜਤਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਰਿਕਵਰੀ ਨੋਟਿਸ ਅਤੇ ਕੰਟਰੈਕਟ ਖਤਮ ਕਰਨ ਦੇ ਪੱਤਰ ਡਾਕ ਰਾਹੀਂ ਘਰ ਭੇਜੇ ਜਾ ਰਹੇ ਹਨ।

ਮੈਨੇਜਮੈਂਟ ਅਤੇ ਸਰਕਾਰ ਹੜਤਾਲੀ ਵਰਕਰਾਂ ਨੂੰ ਵਾਪਿਸ ਡਿਉਟੀ ’ਤੇ ਲਿਆਉਣ ਲਈ ਗੱਲਬਾਤ ਅਤੇ ਮੀਟਿੰਗ ਕਰ ਰਹੇ ਹਨ। ਜਦੋਂਕਿ ਇਸ ਹੜਤਾਲ ਸਬੰਧੀ ਯੂਨੀਅਨ ਵੱਲੋਂ ਲਿਖਤੀ ਨੋਟਿਸ 40 ਦਿਨ ਪਹਿਲਾਂ ਦਿੱਤਾ ਗਿਆ ਸੀ। ਡਿਪੂ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਸਾਡੀਆਂ ਮੰਗਾਂ ਨੂੰ ਮੰਨਣ ਦੀ ਥਾਂ ਵਰਕਰਾਂ ਨੂੰ ਦਬਾਅ ਕੇ ਹੜਤਾਲ ਖਤਮ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਿਉਂਕਿ ਪਿਛਲੇ 15 ਸਾਲ ਤੋਂ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਮੁਲਾਜ਼ਮਾ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਪਰ ਹੁਣ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 12 ਸਤੰਬਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਨਜ਼ਦੀਕ ਮੰਤਰੀ ਜਾਂ ਹਲਕਾ ਵਿਧਾਇਕ ਦੀ ਰਿਹਾਇਸ਼ ਅੱਗੇ ਧਰਨੇ ਦਿੱਤੇ ਜਾਣਗੇ ਅਤੇ ਮੰਗ ਪੱਤਰ ਸੌਂਪਿਆ ਜਾਵੇਗਾ। ਜਦਕਿ 13 ਸਤੰਬਰ ਨੂੰ ਸਾਰੇ ਸ਼ਹਿਰਾਂ ਵਿੱਚ ਢੋਲ ਮਾਰਚ ਕੀਤਾ ਜਾਵੇਗਾ।