ਪੰਜਾਬ ‘ਚ ਸਕੂਲ ਖੁੱਲਣ ਤੋਂ ਬਾਅਦ 8 ਵਿਦਿਆਰਥੀ ਕੋਰੋਨਾ ਪਾਜ਼ੇਟਿਵ

by vikramsehajpal

ਲੁਧਿਆਣਾ (ਦੇਵ ਇੰਦਰਜੀਤ) : ਪੰਜਾਬ 'ਚ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਖੁੱਲ੍ਹੇ ਸਕੂਲਾਂ 'ਤੇ ਮੁੜ ਕੋਰੋਨਾ ਵਾਇਰਸ ਕਹਿਰ ਢਾਹੁਣ ਲੱਗਾ ਹੈ। ਲੁਧਿਆਣਾ ਦੇ ਇਕ ਸਕੂਲ 'ਚ 8 ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਮਾਪੇ ਅਤੇ ਬੱਚਿਆਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਲੁਧਿਆਣਾ ਦੇ ਬਸਤੀ ਜੋਧੇਵਾਲ 'ਚ ਸਰਕਾਰੀ ਸਕੂਲ ਦੇ 8 ਵਿਦਿਆਰਥੀਆਂ ਨੂੰ ਕੋਰੋਨਾ ਹੋ ਗਿਆ ਹੈ।

ਪਾਜ਼ੇਟਿਵ ਪਾਏ ਗਏ ਵਿਦਿਆਰਥੀ 11ਵੀਂ ਅਤੇ 12ਵੀਂ ਜਮਾਤ ਦੇ ਦੱਸੇ ਜਾ ਰਹੇ ਹਨ। ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ 11ਵੀਂ ਅਤੇ 12ਵੀਂ ਦੇ 41 ਵਿਦਿਆਰਥੀਆਂ ਦੇ ਰੈਪਿਡ ਟੈਸਟ ਕੀਤੇ ਗਏ, ਜਿਸ ਦੌਰਾਨ 29 ਵਿਦਿਆਰਥੀਆਂ ਦੀ ਰਿਪੋਰਟ ਨੈਗੇਟਿਵ ਆਈ, ਜਦੋਂ ਕਿ 8 ਵਿਦਿਆਰਥੀਆਂ ਦੀ ਰਿਪੋਰਟ ਸ਼ੱਕੀ ਪਾਈ ਗਈ।

ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸਰਕਾਰੀ ਡਿਸਪੈਂਸਰੀ ਤੋਂ ਸੂਚਨਾ ਮਿਲੀ ਕਿ 8 ਵਿਦਿਆਰਥੀਆਂ ਦੇ ਸੈਂਪਲ ਪਾਜ਼ੇਟਿਵ ਪਾਏ ਗਏ ਹਨ, ਜਦੋਂ ਕਿ ਬਾਕੀਆਂ ਦੀ ਰਿਪੋਰਟ 14 ਤਾਰੀਖ਼ ਤੱਕ ਆਵੇਗੀ। ਸਿਵਲ ਸਰਜਨ ਲੁਧਿਆਣਾ ਵੱਲੋਂ ਜਾਰੀ ਹੁਕਮਾਂ ਮੁਤਾਬਕ ਸਕੂਲ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਸਕੂਲ ਦੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।