“84 ਦੇ ਦੰਗਾ ਪੀੜਤਾਂ ਵੱਲੋਂ ਫਿਰ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਵਿਰੋਧ

by jaskamal

ਪੱਤਰ ਪ੍ਰੇਰਕ : ਅੱਜ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਐਲਾਨੇ ਗਏ ਕਾਂਗਰਸ ਦੇ ਪੰਜਾਬ ਪ੍ਰਧਾਨ ਦਾ 1984 ਦੰਗਾ ਪੀੜਤਾਂ ਵੱਲੋਂ ਮੁੜ ਤੋਂ ਕਾਲੀਆਂ ਝੰਡੀਆਂ ਹੱਥਾਂ ਦੇ ਵਿੱਚ ਫੜ ਕੇ ਡੀਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹਾਲਾਂਕਿ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਪਰ ਉਹਨਾਂ ਨੇ ਬਾਹਰ ਆਪਣਾ ਰੋਸ ਜਾਹਿਰ ਕੀਤਾ। ਰਾਜਾ ਵੜਿੰਗ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾ ਰਿਹਾ ਹੈ ਅਤੇ ਇਸੇ ਦਾ ਵਿਰੋਧ ਕਰਨ ਦੇ ਲਈ 1984 ਦੰਗਾ ਪੀੜਤ ਪਹੁੰਚੇ ਸਨ। ਜਿਨ੍ਹਾਂ ਨੇ ਕਿਹਾ ਕਿ ਜਦੋਂ ਦਰਬਾਰ ਸਾਹਿਬ ਉੱਤੇ ਅਟੈਕ ਹੋਇਆ ਸੀ ਉਸ ਵਿੱਚ ਕਾਂਗਰਸ ਦਾ ਹੱਥ ਸੀ। ਉਹਨਾਂ ਕਿਹਾ ਕਿ ਸਾਡੇ ਜਖਮਾਂ ਉੱਤੇ ਅੱਜ ਵੀ ਲੂਣ ਪਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਨਸਾਫ ਦੀ ਲੜਾਈ ਲੜ ਰਹੇ ਹਾਂ।

ਉੱਧਰ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋਂ ਨੇ ਵੀ ਸਵਾਲ ਖੜੇ ਕੀਤੇ ਹਨ। ਰਣਜੀਤ ਢਿੱਲੋਂ ਨੇ ਕਿਹਾ ਹੈ ਕਿ 1984 ਪੀੜਤਾਂ ਦਾ ਦਰਦ ਜਾਇਜ਼ ਹੈ। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੇ ਨਾ ਸਿਰਫ ਕਮਲ ਨਾਥ ਨੂੰ ਕਲੀਨ ਚਿੱਟ ਦੇਣ ਸੰਬੰਧੀ ਬਿਆਨ ਜਾਰੀ ਕੀਤਾ ਸੀ ਸਗੋਂ ਉਸ ਨੇ ਇੰਦਰਾ ਗਾਂਧੀ ਦੀ ਤਸਵੀਰ ਵਾਲੀ ਟੀਸ਼ਰਟ ਪਾ ਕੇ ਵੀ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਜਖਮਾਂ ਉੱਤੇ ਲੂਣ ਛਿੜਕਿਆ ਸੀ।

ਇਸ ਸਬੰਧੀ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਜਦੋਂ 1984 ਦਾ ਘਟਨਾਕ੍ਰਮ ਹੋਇਆ ਉਸ ਵੇਲੇ ਉਹਨਾਂ ਦੀ ਉਮਰ ਮਹਿਜ਼ ਛੇ ਸਾਲ ਦੀ ਸੀ। ਉਹਨਾਂ ਕਿਹਾ ਕਿ 1984 ਦੇ ਵਿੱਚ ਤਾਂ ਮੇਰਾ ਕੋਈ ਹੱਥ ਹੀ ਨਹੀਂ ਹੈ। ਉਹ ਮੇਰਾ ਵਿਰੋਧ ਕਿਉਂ ਕਰ ਰਹੇ ਹਨ ਮੈਨੂੰ ਨਹੀਂ ਪਤਾ, ਮੇਰੇ ਵਿਰੋਧੀ ਮੈਨੂੰ ਲੱਗਦਾ ਹੈ ਕਿ ਇਹ ਸਭ ਕਰਵਾ ਰਹੇ ਨੇ। ਉਹਨਾਂ ਕਿਹਾ ਕਿ ਪਰ ਮੈਂ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਕਹਿੰਦਾ, ਪਹਿਲਾਂ ਵੀ ਉਹਨਾਂ ਨੇ ਮੇਰਾ ਵਿਰੋਧ ਕੀਤਾ ਸੀ ਅਤੇ ਅੱਜ ਵੀ ਆਏ ਹਨ।