ਜ਼ਮੀਨਦੋਜ਼ ਨਹਿਰ ‘ਚ ਦੱਬੇ 9 ਮਜ਼ਦੂਰ, ਰੈਸਕਿਊ ਜਾਰੀ, ਹੁਣ ਤਕ 7 ਜਣਿਆਂ ਨੂੰ ਕੱਢਿਆ ਬਾਹਰ

by jaskamal

ਨਿਊਜ਼ ਡੈਸਕ : ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਦੇ ਸਲੇਮਾਨਾਬਾਦ 'ਚ ਸ਼ਨਿੱਚਰਵਾਰ ਰਾਤ ਨੂੰ ਜ਼ਮੀਨਦੋਜ਼ ਨਹਿਰ ਦੀ ਮਿੱਟੀ 'ਚ ਡੁੱਬਣ ਨਾਲ 9 ਮਜ਼ਦੂਰ ਦੱਬ ਗਏ। ਐਤਵਾਰ ਸਵੇਰ ਤੱਕ ਇਨ੍ਹਾਂ 'ਚੋਂ 7 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਤੇ ਅੰਦਰ ਫਸੇ 2 ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਸ਼ਾਮ ਸਾਢੇ ਸੱਤ ਤੋਂ ਅੱਠ ਵਜੇ ਦੇ ਦਰਮਿਆਨ ਜਦੋਂ ਮਜ਼ਦੂਰ ਕੰਮ ਕਰ ਰਹੇ ਸਨ ਤਾਂ ਇਕ ਪਾਸੇ ਤੋਂ ਮਿੱਟੀ ਖਿਸਕਣੀ ਸ਼ੁਰੂ ਹੋ ਗਈ ਅਤੇ ਮਜ਼ਦੂਰ ਹੇਠਾਂ ਦੱਬ ਗਏ। ਨਰਮਦਾ ਵਿਕਾਸ ਅਥਾਰਟੀ ਦੇ ਇੰਜੀਨੀਅਰਾਂ ਨੇ ਇਸ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ। ਇਸ ਤੋਂ ਬਾਅਦ ਕੁਲੈਕਟਰ ਪ੍ਰਿਅੰਕ ਮਿਸ਼ਰਾ ਤੇ ਐੱਸਪੀ ਸੁਨੀਲ ਜੈਨ ਮੌਕੇ 'ਤੇ ਪਹੁੰਚੇ। ਬਚਾਏ ਗਏ ਤਿੰਨ ਮਜ਼ਦੂਰ ਦੀਪਕ, ਨਰਮਦਾ ਅਤੇ ਮੁੰਨੀਦਾਸ ਪਿੰਡ ਪਦਕੁਰ, ਜ਼ਿਲ੍ਹਾ ਸਿੰਗਰੌਲੀ ਦੇ ਵਸਨੀਕ ਹਨ। ਫਸੇ ਮਜ਼ਦੂਰ ਮਹਾਰਾਸ਼ਟਰ ਦੇ ਨਾਗਪੁਰ ਤੇ ਝਾਰਖੰਡ ਦੇ ਸਿੰਗਰੌਲੀ ਦੇ ਚਿਤਰੰਗੀ ਦੇ ਦੱਸੇ ਜਾ ਰਹੇ ਹਨ।

ਬਰਗੀ ਡਾਇਵਰਸ਼ਨ ਪ੍ਰਾਜੈਕਟ ਦੀ ਸਲਿਮਨਾਬਾਦ ਜ਼ਮੀਨਦੋਜ਼ ਨਹਿਰ ਦੀ ਲਾਗਤ 799 ਕਰੋੜ ਰੁਪਏ ਹੈ ਤੇ ਇਸ ਦੀ ਲੰਬਾਈ 11.95 ਕਿਲੋਮੀਟਰ ਹੈ। ਇਕਰਾਰਨਾਮੇ 'ਤੇ ਮਾਰਚ 2008 'ਚ ਦਸਤਖਤ ਕੀਤੇ ਗਏ ਸਨ ਤੇ ਜੁਲਾਈ 2011 ਤੱਕ 40 ਮਹੀਨਿਆਂ ਦੀ ਮਿਆਦ 'ਚ ਪੂਰਾ ਕੀਤਾ ਜਾਣਾ ਸੀ। ਮੁੱਖ ਮੰਤਰੀ ਨੇ ਸਬੰਧਤਾਂ ਨੂੰ ਸੁਰੰਗ ਦਾ ਕੰਮ ਜੂਨ 2023 ਤੱਕ ਮੁਕੰਮਲ ਕਰਨ ਲਈ ਕਿਹਾ ਹੈ।