ਕੋਈ ਕਿਸੇ ਨੂੰ ਜੰਗ ਬਾਰੇ ਨਹੀਂ ਆਖ ਰਿਹਾ ਪਰ ਫੌਜੀਆਂ ਦੀਆਂ ਇਹ ਹੱਤਿਆਵਾਂ ਮਜ਼ਾਕ ਨਹੀਂ : ਕੈਪਟਨ

by mediateam

ਚੰਡੀਗੜ੍ਹ (ਇੰਦਰਜੀਤ ਸਿੰਘ ਚਾਹਲ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿਰੁੱਧ ਤਿੱਖੀ ਕਾਰਵਾਈ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਫੌਜੀ, ਰਾਜਦੂਤਕ, ਆਰਥਿਕ ਕਾਰਵਾਈ ਜਾਂ ਤਿੰਨੇ ਕਾਰਵਾਈਆਂ ਇਕੱਠੀਆਂ ਕਰਨ ਦਾ ਸੁਝਾਅ ਦਿੱਤਾ ਹੈ। ਵਿਧਾਨ ਸਭਾ ਸੈਸ਼ਨ ਤੋਂ ਬਾਅਦ ਮੁੱਖ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕੈਪਟਨ ਨੇ ਕਿਹਾ,''ਕੋਈ ਕਿਸੇ ਨੂੰ ਜੰਗ ਬਾਰੇ ਨਹੀਂ ਆਖ ਰਿਹਾ ਪਰ ਫੌਜੀਆਂ ਦੀਆਂ ਇਹ ਹੱਤਿਆਵਾਂ ਮਜ਼ਾਕ ਨਹੀਂ ਹਨ। ਕੁਝ ਨਾ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। ਮੈਂ ਪੂਰੀ ਤਰ੍ਹਾਂ ਪਰੇਸ਼ਾਨ ਹਾਂ, ਸਮੁੱਚਾ ਦੇਸ਼ ਪਰੇਸ਼ਾਨ ਹੈ।'' ਕੈਪਟਨ ਨੇ ਕਿਹਾ ਕਿ ਉਹ ਜੰਗ ਲਈ ਨਹੀਂ ਆਖ ਰਹੇ ਪਰ ਉਹ ਲਾਜ਼ਮੀ ਤੌਰ 'ਤੇ ਪਾਕਿਸਤਾਨ ਵਿਰੁੱਧ ਜੈਸੇ ਕੋ ਤੈਸਾ ਦੀ ਨੀਤੀ ਅਪਣਾਏ ਜਾਣਾ ਚਾਹੁੰਦੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਇਸ ਕਰ ਕੇ ਭਾਰਤ ਨੂੰ ਬੰਦੀ ਨਹੀ ਬਣਾ ਸਕਦੇ ਕਿ ਉਹ ਪ੍ਮਾਣੂ ਦੇਸ਼ ਹੈ। ਇਥੋਂ ਤਕ ਕਿ ਅਸੀਂ ਵੀ ਪ੍ਮਾਣੂ ਸ਼ਕਤੀ ਹਾਂ। ਇਥੋ ਤਕ ਕਿ ਕਾਰਗਿਲ ਦੇ ਸਮੇਂ ਵੀ ਪਾਕਿਸਤਾਨ ਪ੍ਮਾਣੂ ਸਮਰੱਥਾ ਵਾਲਾ ਦੇਸ਼ ਹੋਣ ਦੀ ਗੱਲ ਆਖਦੇ ਹੋਏ ਉਨ੍ਹਾਂ ਕਿਹਾ ਕਿ ਇਸ ਗੱਲ ਦੇ ਬਾਵਜੂਦ ਭਾਰਤੀ ਫੌਜ ਨੇ ਉਸ ਨੂੰ ਹਰਾਇਆ ਸੀ। 

ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਕਿਹੜੀ ਕਾਰਵਾਈ ਕਰਨੀ ਹੈ, ਇਸ ਦਾ ਫ਼ੈਸਲਾ ਭਾਰਤੀ ਪ੍ਧਾਨ ਮੰਤਰੀ ਤੇ ਰੱਖਿਆ ਮੰਤਰੀ ਨੇ ਕਰਨਾ ਹੈ ਪਰ ਇਹ ਸਪੱਸ਼ਟ ਹੈ ਕਿ ਕੁਝ ਨਾ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। ਭਾਵੁਕ ਹੋਏ ਕੈਪਟਨ ਨੇ ਕਿਹਾ ਕਿ ਗੱਲਬਾਤ ਦਾ ਸਮਾਂ ਹੁੰਦਾ ਹੈ ਪਰ ਹੁਣ ਗੱਲਬਾਤ ਦਾ ਸਮਾਂ ਨਹੀ ਹੈ। ਇਸ ਵੇਲੇ ਦੇਸ਼ ਭਰ ਵਿਚ ਗੁੱਸੇ ਦੀ ਲਹਿਰ ਹੈ ਤੇ ਲੋਕ ਭਾਰਤ ਸਰਕਾਰ ਵੱਲੋਂ ਕੁਝ ਸਖ਼ਤ ਕਦਮ ਚੁੱਕੇ ਜਾਣਾ ਚਾਹੁੰਦੇ ਹਨ। ਅੱਤਵਾਦੀਆਂ ਦੀਆਂ ਸੁਰੱਖਿਅਤ ਥਾਵਾਂ ਨੂੰ ਤਬਾਹ ਕਰਨ ਵਾਸਤੇ ਸਰਗਰਮ ਭੂਮਿਕਾ ਨਿਭਾਏ ਜਾਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਅੱਤਵਾਦੀ ਸੰਗਠਨਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਜੇ ਉਹ ਸਾਡੇ 41 ਫੌਜੀਆਂ ਨੂੰ ਮਾਰਨਗੇ ਤਾਂ ਸਾਨੂੰ 82 ਮਾਰਨੇ ਚਾਹੀਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਫੌਜ ਉਦੋਂ ਤੋਂ ਹੀ ਨਰਮ ਰੁੱਖ ਅਪਣਾਉਂਦੀ ਆ ਰਹੀ ਹੈ ਜਦੋਂ ਉਹ 50 ਸਾਲ ਪਹਿਲਾਂ ਫੌਜ 'ਚ ਭਰਤੀ ਹੋਏ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਦਬਾਅ ਕਾਰਨ ਪਾਕਿਸਤਾਨ ਕਿਸੇ ਵੀ ਹਾਲਤ ਵਿਚ ਪ੍ਮਾਣੂ ਹਥਿਆਰਾਂ ਦੀ ਕਦੇ ਵਰਤੋਂ ਨਹੀਂ ਕਰ ਸਕਦਾ ਕਿਉਂਕਿ ਅੰਤਰਰਾਸ਼ਟਰੀ ਦਬਾਅ ਉਸ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ। ਉਨ੍ਹਾਂ ਸੁਝਾਅ ਦਿੱਤਾ ਕਿ ਨਵੀਂ ਦਿੱਲੀ ਨੂੰ ਪਾਕਿਸਤਾਨ ਦੀਆਂ ਅਜਿਹੀਆਂ ਗਿੱਦੜ ਭਬਕੀਆਂ ਵਿਰੁੱਧ ਡਟਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰ ਵਿਚ ਨੌਜਵਾਨਾਂ 'ਤੇ ਗੋਲੀਆਂ ਦਾਗਣ ਦੀ ਥਾਂ ਜੈਸ਼-ਏ-ਮੁਹੰਮਦ ਦੇ ਪਿੱਛੇ ਪੈਣਾ ਚਾਹੀਦਾ ਹੈ। ਕਸ਼ਮੀਰੀਆਂ ਦੇ ਦਿਲ ਤੇ ਮਨ ਪਿਆਰ ਨਾਲ ਜਿੱਤਣ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਫੌਜ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰੀ ਨੌਜਵਾਨਾਂ ਨੂੰ ਆਪਣੇ ਦੁਸ਼ਮਣਾਂ ਵਜੋਂ ਨਾ ਦੇਖੇ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿਚ ਪਾਕਿਸਤਾਨ ਦਾ ਹੱਥ ਸਪੱਸ਼ਟ ਹੈ।

More News

NRI Post
..
NRI Post
..
NRI Post
..