ਬ੍ਰਾਜ਼ੀਲ ‘ਚ ਤਬਾਹੀ ਬਣ ਵਰ੍ਹਿਆ ਮੀਂਹ, ਹੁਣ ਤਕ 117 ਮੌਤਾਂ, 116 ਲੋਕ ਲਾਪਤਾ

by jaskamal

ਨਿਊਜ਼ ਡੈਸਕ (ਜਸਕਮਲ) : ਬ੍ਰਾਜ਼ੀਲ ਦੇ ਪਹਾੜੀ ਸ਼ਹਿਰ ਪੇਟ੍ਰੋਪੋਲਿਸ 'ਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ ਵੀਰਵਾਰ ਨੂੰ 117 ਹੋ ਗਈ ਤੇ 116 ਲੋਕ ਅਜੇ ਵੀ ਲਾਪਤਾ ਹਨ। ਪੇਟ੍ਰੋਪੋਲਿਸ ਸ਼ਹਿਰ ਵਿਚ 3 ਘੰਟੇ 'ਚ 10 ਇੰਚ ਤੋਂ ਜ਼ਿਆਦਾ ਮੀਂਹ ਪਿਆ, ਜਦਕਿ ਇੰਨਾ ਮੀਂਹ ਪਿਛਲੇ 30 ਦਿਨਾਂ ਵਿਚ ਪਿਆ ਸੀ। ਰੀਓ ਡੀ ਜਿਨੇਰਿਓ ਸੂਬਾ ਸਰਕਾਰ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਪੁਸ਼ਟੀ ਕੀਤੀ ਹੈ। ਕਈ ਲੋਕਾਂ ਦੇ ਮਿੱਟੀ ਵਿਚ ਦਬੇ ਹੋਣ ਦਾ ਖ਼ਦਸ਼ਾ ਹੈ।

ਇਕ ਵੀਡੀਓ 'ਚ 2 ਬੱਸਾਂ ਨੂੰ ਨਦੀ 'ਚ ਡੁੱਬਦੇ ਵੇਖਿਆ ਗਿਆ। ਸ਼ਹਿਰ 'ਚ ਜ਼ਮੀਨ ਖਿਸਕਣ ਦੀਆਂ ਹੋਰ ਘਟਨਾਵਾਂ ਵਾਪਰਨ ਦਾ ਖ਼ਦਸ਼ਾ ਹੈ। ਆਧਿਕਾਰੀਆਂ ਨੇ ਕਿਹਾ ਕਿ ਜੋਖ਼ਮ ਵਾਲੇ ਇਲਾਕਿਆਂ 'ਚ ਰਹਿ ਰਹੇ ਲੋਕਾਂ ਨੂੰ ਉੱਥੋਂ ਕੱਢਣਾ ਚਾਹੀਦਾ ਹੈ। ਸਥਾਨਕ ਨਿਵਾਸੀ ਰੋਸਿਲੀਨ ਵਰਜੀਨੀਆ ਨੇ ਕਿਹਾ ਕਿ ਉਸ ਦਾ ਭਰਾ ਬਹੁਤ ਮੁਸ਼ਕਿਲ ਨਾਲ ਬਚਿਆ ਅਤੇ ਉਹ ਇਸ ਨੂੰ ਚਮਤਕਾਰ ਮੰਨਦੀ ਹੈ ਪਰ ਉਸ ਦਾ ਇਕ ਦੋਸਤ ਅਜੇ ਤੱਕ ਨਹੀਂ ਮਿਲਿਆ ਹੈ। ਰੀਓ ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਕਰੀਬ 200 ਏਜੰਟ ਜਾਂਚ ਚੌਕੀਆਂ, ਸ਼ਰਨਾਰਥੀ ਕੈਂਪਾਂ ਤੇ ਸ਼ਹਿਰ ਦੇ ਮੁਰਦਾ ਘਰ 'ਚ ਜਾ ਕੇ ਮ੍ਰਿਤਕ ਤੇ ਲਾਪਤਾ ਲੋਕਾਂ ਦੀ ਸੂਚੀ ਬਣਾ ਰਹੇ ਹਨ।