ਪੁਲਿਸ ਕਾਂਸਟੇਬਲ ਨੇ AK -47 ਨਾਲ ਔਰਤ ਦਾ ਗੋਲ਼ੀਆਂ ਮਾਰ ਕੀਤਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਹੈਬੋਵਾਲ ਦੇ ਦੁਰਗਾਪੁਰੀ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਪੁਲਿਸ ਕਾਂਸਟੇਬਲ ਨੇ ਆਪਣੀ ਸਰਕਾਰੀ ਏ. ਕੇ.-47 ਨਾਲ ਇਕ ਜਨਾਨੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਔਰਤ ਦੇ ਕਤਲ ਤੋਂ ਬਾਅਦ ਕਾਂਸਟੇਬਲ ਨੇ ਖੁਦ ਨੂੰ ਵੀ 2 ਗੋਲੀਆਂ ਮਾਰ ਲਈਆਂ।

ਪੁਲਿਸ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਜ਼ਖਮੀ ਕਾਂਸਟੇਬਲ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੂੰ ਪਤਾ ਚੱਲਿਆ ਹੈ ਕਿ ਦੋਵੇਂ ਕਾਫੀ ਸਮੇਂ ਤੋਂ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿ ਰਹੇ ਸਨ, ਜਦੋਂਕਿ ਔਰਤ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ। ਮ੍ਰਿਤਕ ਔਰਤ ਨਿਧੀ ਹੈ, ਜਦੋਂਕਿ ਜ਼ਖਮੀ ਕਾਂਸਟੇਬਲ ਸਿਮਰਨਜੀਤ ਸਿੰਘ ਪੁਲਿਸ ਲਾਈਨ ਵਿਚ ਤਾਇਨਾਤ ਹੈ।

ਪੁਲਿਸ ਨੇ ਔਰਤ ਦੀ ਲਾਸ਼ ਕਬਜ਼ੇ ਵਿਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਨਿਧੀ ਗੁੜਗਾਂਵ ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ ਜਨਤਾ ਨਗਰ ਦੇ ਅਮਨ ਨਾਲ ਹੋਇਆ ਸੀ। ਨਿਧੀ ਦੇ ਪੁੱਤਰ ਅਤੇ ਇਕ ਧੀ ਹੈ। ਨਿਧੀ ਦਾ ਪਤੀ ਕਰੀਬ 3 ਸਾਲ ਪਹਿਲਾਂ ਸਾਊਥ ਅਫਰੀਕਾ ਗਿਆ ਸੀ, ਜਿੱਥੇ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ, ਨਿਧੀ ਪਿਛਲੇ ਡੇਢ ਸਾਲ ਤੋਂ ਕਾਂਸਟੇਬਲ ਸਿਮਰਨਜੀਤ ਸਿੰਘ ਦੇ ਨਾਲ ਪਤਨੀ ਬਣ ਕੇ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ।

ਪਤਾ ਚਲਿਆ ਹੈ ਕਿ ਸਿਮਰਨ ਸ਼ਰਾਬ ਦੇ ਨਸ਼ੇ ਵਿਚ ਘਰ ਆਇਆ ਸੀ। ਨਿਧੀ ਦੀ ਛੋਟੀ ਧੀ ਕਮਰੇ ਦੇ ਅੰਦਰ ਸੀ, ਜਦੋਂਕਿ ਪੁੱਤਰ ਬਾਹਰ ਖੇਡ ਰਿਹਾ ਸੀ। ਸਿਮਰਨ ਅਤੇ ਨਿਧੀ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਬਹਿਸ ਹੋਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਸਿਮਰਨ ਨੇ ਆਪਣੀ ਸਰਕਾਰੀ ਏ . ਕੇ.-47 ਨਾਲ ਨਿਧੀ ਦੇ ਸਿਰ ਉੱਤੇ ਗੋਲੀ ਮਾਰ ਦਿੱਤੀ।

ਜਦੋਂ ਮਕਾਨ ਮਾਲਿਕ ਅਤੇ ਗੁਆਂਢੀ ਅੰਦਰ ਆਏ ਤਾਂ ਅੰਦਰ ਜ਼ਮੀਨ ਉੱਤੇ ਸਿਮਰਨ ਜ਼ਖਮੀ ਹਾਲਤ ਵਿਚ ਅਰਧਨਗਨ ਹਾਲਤ ਵਿਚ ਪਿਆ ਹੋਇਆ ਸੀ, ਜਦੋਂਕਿ ਕਮਰੇ ਵਿਚ ਨਿਧੀ ਦੀ ਖੂਨ ਨਾਲ ਲਿਬੜੀ ਲਾਸ਼ ਪਈ ਹੋਈ ਸੀ।

ਮਕਾਨ ਮਾਲਿਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਨਿਧੀ ਅਤੇ ਸਿਮਰਨ ਉਸ ਕੋਲ ਪਤੀ-ਪਤਨੀ ਬਣ ਕੇ ਆਏ ਸਨ। ਉਸ ਨੂੰ ਅੱਜ ਪਤਾ ਚਲਿਆ ਹੈ ਕਿ ਦੋਵੇਂ ਪਤੀ-ਪਤਨੀ ਨਹੀਂ ਹਨ ਸਗੋਂ ਨਿਧੀ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ।

ਜਦੋਂ ਕਾਂਸਟੇਬਲ ਸਿਮਰਨਜੀਤ ਨੇ ਨਿਧੀ ਨੂੰ ਗੋਲੀ ਮਾਰੀ ਤਾਂ ਉਸ ਦੀ 4 ਸਾਲ ਦੀ ਧੀ ਉਸੇ ਕਮਰੇ ਵਿਚ ਸੀ। ਸਿਮਰਨ ਨੇ ਧੀ ਦੇ ਸਾਹਮਣੇ ਹੀ ਉਸ ਦੀ ਮਾਂ ਨੂੰ ਗੋਲੀ ਨਾਲ ਉੱਡਾ ਦਿੱਤਾ, ਜਦੋਂਕਿ ਗੋਲੀ ਦੀ ਆਵਾਜ਼ ਸੁਣ ਕੇ ਨਿਧੀ ਦਾ 11 ਸਾਲ ਦਾ ਪੁੱਤਰ ਵੀ ਅੰਦਰ ਆ ਗਿਆ ਸੀ। ਉਸ ਨੇ ਆਪਣੀ ਅੱਖਾਂ ਦੇ ਸਾਹਮਣੇ ਮਾਂ ਨੂੰ ਮਰਦੇ ਹੋਏ ਵੇਖਿਆ। 11 ਸਾਲ ਦਾ ਪੁੱਤਰ ਇੰਨਾ ਗੁੱਸੇ ਵਿਚ ਸੀ ਕਿ ਉਹ ਵਾਰ-ਵਾਰ ਬੋਲ ਰਿਹਾ ਸੀ ਕਿ ਉਹ ਸਿਮਰਨ ਚਾਚੂ ਨੂੰ ਮਾਰ ਦੇਵੇਗਾ ਕਿਉਂਕਿ ਉਸ ਨੇ ਮੇਰੀ ਮਾਂ ਨੂੰ ਮਾਰਿਆ ਹੈ।

ਏ. ਡੀ. ਸੀ. ਪੀ. ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮੌਕੇ ਉੱਤੇ ਜਾ ਕੇ ਪਤਾ ਚਲਿਆ ਹੈ ਕਿ ਸਿਮਰਨਜੀਤ ਨੇ ਜਨਾਨੀ ਦੇ ਕਤਲ ਤੋਂ ਬਾਅਦ ਖੁਦ ਨੂੰ ਗੋਲੀ ਮਾਰੀ ਹੈ ਪਰ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੋਇਆ ਹੈ।

More News

NRI Post
..
NRI Post
..
NRI Post
..