ਸੜਕ ਹਾਦਸਾ : ਕਾਰ ਟਿੱਪਰ ‘ਚ ਵੱਜਣ ਨਾਲ ਮੱਥਾ ਟੇਕਣ ਜਾ ਰਹੇ ਸਬ-ਇੰਸਪੈਕਟਰ ਦੀ ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖਰੜ-ਕੁਰਾਲੀ ਕੌਮੀ ਮਾਰਗ 'ਤੇ ਹੋਏ ਸੜਕ ਹਾਦਸੇ 'ਚ ਇਕ ਸਬ-ਇੰਸਪੈਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਐੱਸ. ਆਈ. ਪਵਨ ਕੁਮਾਰ ਪੁੱਤਰ ਮਾਮ ਰਾਜ ਵਾਸੀ ਪਿੰਡ ਸਨੇਟਾ ਥਾਣਾ ਸੋਹਾਣਾ ਜ਼ਿਲ੍ਹਾ ਮੋਹਾਲੀ ਸੀ. ਆਈ. ਏ. ਸਟਾਫ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਡਿਊਟੀ 'ਤੇ ਤਾਇਨਾਤ ਸੀ, 4 ਦਿਨ ਦੀ ਛੁੱਟੀ 'ਤੇ ਪਿੰਡ ਆਇਆ ਹੋਇਆ ਸੀ। ਉਹ ਆਪਣੀ ਗੱਡੀ 'ਤੇ ਪਿੰਡ ਸਨੇਟਾ ਤੋਂ ਮਾਤਾ ਬਗਲਾਮੁਖੀ ਜੀ ਦੇ ਮੰਦਰ ਊਨਾ ਹਿਮਾਚਲ ਪ੍ਰਦੇਸ਼ ਮੱਥਾ ਟੇਕਣ ਜਾ ਰਿਹਾ ਸੀ।

ਉਸ ਦਾ ਸਾਥੀ ਯਾਦਵਿੰਦਰ ਸਿੰਘ ਵਾਸੀ ਪਿੰਡ ਸਿਆਊਂ ਵੀ ਨਾਲ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਰਿਆਤ ਐਂਡ ਬਾਹਰਾ ਯੂਨੀਵਰਸਿਟੀ ਸਹੌੜਾਂ ਫਲਾਈਓਵਰ 'ਤੇ ਟਿੱਪਰ ਨੂੰ ਕਰਾਸ ਕਰਨ ਲੱਗੀ ਤਾਂ ਟਿੱਪਰ ਚਾਲਕ ਜੋ ਲਾਪ੍ਰਵਾਹੀ ਨਾਲ ਤੇਜ਼ ਰਫਤਾਰ 'ਚ ਜਾ ਰਿਹਾ ਸੀ, ਉਸ ਨੇ ਕੱਟ ਮਾਰ ਕੇ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਅੱਗੇ ਜਾ ਕੇ ਇਕ ਹੋਰ ਟਿੱਪਰ ਨਾਲ ਟਕਰਾ ਗਈ, ਜਿਸ ਕਾਰਨ ਐੱਸ. ਆਈ. ਪਵਨ ਕੁਮਾਰ ਦੇ ਸਿਰ 'ਚ ਗੰਭੀਰ ਸੱਟ ਲੱਗ ਗਈ ਅਤੇ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਮੌਕੇ 'ਤੇ ਹੀ ਦਮ ਤੋੜ ਗਿਆ।

ਐੱਸ. ਐੱਚ. ਓ. ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।