ਨਿਊਜ਼ ਡੈਸਕ : ਚੀਨ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਗਲੋਬਲ ਵਿੱਤੀ ਹੱਬ ਸ਼ੰਘਾਈ ਵਿੱਚ ਕੋਵਿਡ-19 ਦੀ ਮੌਜੂਦਾ ਲਹਿਰ ਦੌਰਾਨ ਸੰਕਰਮਣ ਕਾਰਨ ਸੋਮਵਾਰ ਨੂੰ ਤਿੰਨ ਮੌਤਾਂ ਦਰਜ ਕੀਤੀਆਂ ਗਈਆਂ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਐਤਵਾਰ ਨੂੰ ਸ਼ੰਘਾਈ ਵਿੱਚ ਕੋਵਿਡ-19 ਨਾਲ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਉਮਰ 89 ਤੋਂ 91 ਸਾਲ ਦੱਸੀ ਜਾ ਰਹੀ ਹੈ ਅਤੇ ਤਿੰਨਾਂ ਨੇ ਵੈਕਸੀਨ ਦੀ ਇੱਕ ਵੀ ਖੁਰਾਕ ਨਹੀਂ ਲਗਵਾਈ ਸੀ। ਲਗਭਗ 2.6 ਕਰੋੜ ਦੀ ਆਬਾਦੀ ਵਾਲੇ ਸ਼ੰਘਾਈ ਵਿੱਚ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਕਾਰਨ ਸੰਕਰਮਿਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।
ਹਾਂਗਕਾਂਗ ਤੋਂ ਪ੍ਰਕਾਸ਼ਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਦੇ ਅਨੁਸਾਰ 1 ਮਾਰਚ ਤੋਂ ਚੀਨ ਵਿੱਚ ਕੋਵਿਡ-19 ਦੇ 3,72,000 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਐਤਵਾਰ ਨੂੰ ਚੀਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2,723 ਨਵੇਂ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ 'ਚੋਂ ਸਿਰਫ ਸ਼ੰਘਾਈ 'ਚ 2,417 ਨਵੇਂ ਮਾਮਲੇ ਸਾਹਮਣੇ ਆਏ। ਨੈਸ਼ਨਲ ਹੈਲਥ ਕਮਿਸ਼ਨ ਦੇ ਅਨੁਸਾਰ, ਐਤਵਾਰ ਨੂੰ ਚੀਨ ਵਿੱਚ ਸਥਾਨਕ ਕੋਰੋਨਾ ਵਾਇਰਸ ਦੇ ਸੰਕਰਮਣ ਦੇ 20,639 ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਮੌਜੂਦ ਨਹੀਂ ਸਨ। ਸ਼ੰਘਾਈ ਦੀ ਸਥਾਨਕ ਸਰਕਾਰ ਨੇ ਐਤਵਾਰ ਨੂੰ ਸ਼ਹਿਰ ਵਿੱਚ ਉਤਪਾਦਨ ਯੂਨਿਟਾਂ ਨੂੰ ਮੁੜ ਚਾਲੂ ਕਰਨ ਲਈ ਉਦਯੋਗਿਕ ਉੱਦਮਾਂ ਲਈ ਨਵੇਂ ਕੋਵਿਡ-19 ਦਿਸ਼ਾ-ਨਿਰਦੇਸ਼ ਜਾਰੀ ਕੀਤੇ।