ਪੰਜਾਬ ਪੁਲਸ ਦੀ ਪਹਿਲ, ਘਰ ਬੈਠੇ ਬਜ਼ੁਰਗਾਂ ਨੂੰ ਇਕ ਫੋਨ ’ਤੇ ਮਿਲੇਗੀ ਇਹ ਸਹੂਲਤ

by jaskamal

ਨਿਊਜ਼ ਡੈਸਕ : ਜ਼ਿਲ੍ਹਾ ਰੂਪਨਗਰ ਦੀ ਸ੍ਰੀ ਚਮਕੌਰ ਸਾਹਿਬ ਸਬ-ਡਵੀਜ਼ਨ ਦੇ DSP ਗੁਰਦੇਵ ਸਿੰਘ, ਜੋ ਸਮਾਜਸੇਵਾ ਅਤੇ ਟਰੈਫਿਕ ਸਮੱਸਿਆ ਦੇ ਸੁਧਾਰ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਹਨ। DSP ਗੁਰਦੇਵ ਸਿੰਘ ਵੱਲੋਂ ਸਮਾਜਸੇਵਾ ਪ੍ਰਤੀ ਜੋ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਦੇਖ ਕੇ ਪੂਰੀ ਪੰਜਾਬ ਪੁਲਸ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ। DSP ਗੁਰਦੇਵ ਸਿੰਘ ਨੂੰ ਰਾਸ਼ਟਰਪਤੀ ਤੋਂ ਸੇਵਾ ਮੈਡਲ ਵੀ ਪ੍ਰਾਪਤ ਹੋਇਆ ਹੈ। ਉਨ੍ਹਾਂ ਵੱਲੋਂ SSP ਡਾ. ਸੰਦੀਪ ਗਰਗ ਦੀ ਅਗਵਾਈ ’ਚ ਬਜ਼ੁਰਗਾਂ ਲਈ ਇਕ ਵੱਖਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹੁਣ ਰੂਪਨਗਰ ਪੁਲਸ ਘਰ ਬੈਠੇ ਬਜ਼ੁਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਸਿਰਫ਼ ਇਕ ਫੋਨ ’ਤੇ ਘਰ ਜਾ ਕੇ ਮੁਹੱਈਆ ਕਰਵਾਏਗੀ।

ਇਸ ਦੇ ਨਾਲ ਹੀ ਰੂਪਨਗਰ ਪੁਲਸ ਵੱਲੋਂ ਸੜਕਾਂ ’ਤੇ ਰੁਲ ਰਹੇ ਲਾਚਾਰ ਅਤੇ ਬੇਸਹਾਰਾ ਲੋਕਾਂ ਲਈ ਮੁਹਿੰਮ ਸ਼ੁਰੂ ਕਰਦਿਆਂ ਪੀੜਤਾਂ ਨੂੰ ਇਲਾਜ ਤੇ ਕਾਨੂੰਨੀ ਸਹਾਇਤਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜਸੇਵੀ ਸੰਸਥਾਵਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਦੇ ਲਈ DSP ਸ੍ਰੀ ਚਮਕੌਰ ਸਾਹਿਬ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਮ ਜਨਤਾ ਵੀ ਪੁਲਸ ਦੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਜ਼ੁਰਗਾਂ ਅਤੇ ਬੇਸਹਾਰਿਆਂ ਦੀ ਮਦਦ ’ਚ ਆਪਣਾ ਯੋਗਦਾਨ ਪਾਉਣ।