ਮੁੜ ਵਿਜੀਲੈਂਸ ਅੱਗੇ ਪੇਸ਼ ਹੋਏ ਮਨਪ੍ਰੀਤ ਬਾਦਲ, ਕਿਹਾ- “ਇਹ ਬਦਲਾਖੋਰੀ ਦੀ ਸਿਆਸਤ ਐ”

by jaskamal

ਪੱਤਰ ਪ੍ਰੇਰਕ : ਪਲਾਟ ਖਰੀਦਣ ਦੇ ਮਾਮਲੇ ਵਿੱਚ ਦਰਜ ਮੁਕੱਦਮੇ ਤਹਿਤ ਭਾਜਪਾ ਆਗੂ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੋਮਵਾਰ ਨੂੰ ਮੁੜ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਕੋਲੋਂ ਜਾਂਚ ਏਜੰਸੀ ਨੇ ਇੱਕ ਦਰਜਨ ਦੇ ਕਰੀਬ ਸਵਾਲਾਂ ਦੀ ਲਿਸਟ ਦੇ ਜਵਾਬ ਮੰਗੇ। ਸੂਤਰਾਂ ਅਨੁਸਾਰ ਇਨ੍ਹਾਂ ਸਵਾਲਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਵੱਲੋਂ 24 ਸਤੰਬਰ ਨੂੰ ਪਰਚਾ ਦਰਜ ਹੋਣ ਤੋਂ ਬਾਅਦ ਜ਼ਮਾਨਤ ਮਿਲਣ ਤੱਕ ਬਿਤਾਏ ਸਮੇਂ ਦੀ ਵਿਸਥਾਰ ਪੂਰਵਕ ਜਾਣਕਾਰੀ ਤੋਂ ਇਲਾਵਾ ਉਹਨਾਂ ਵੱਲੋਂ ਗੁੜਗਾਓ ਵਿਖੇ ਵੇਚੇ ਫਲੈਟ ਦੇ ਦਸਤਾਵੇਜ਼ ਅਤੇ ਬਠਿੰਡਾ ਸਥਿਤ ਮਾਡਲ ਟਾਊਨ ਵਿਖੇ ਖਰੀਦੇ ਪਲਾਟ ਦੇ ਅਸਲੀ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ।

ਇਸ ਤੋਂ ਇਲਾਵਾ ਕੁੱਝ ਹੋਰ ਜਾਣਕਾਰੀਆਂ ਵੀ ਵਿਜੀਲੈਂਸ ਬਿਊਰੋ ਨੂੰ ਦੇਣ ਲਈ ਕਿਹਾ ਗਿਆ ਸੀ। ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਵਿਰੁੱਧ ਸੀਐ ਮਾਨ ਦੀ ਸਰਕਾਰ ਨੇ ਨਿੱਜੀ ਅਤੇ ਸਿਆਸੀ ਰੰਜ਼ਿਸ਼ ਤਹਿਤ ਵਿਜੀਲੈਂਸ ਦਾ ਝੂਠਾ ਪਰਚਾ ਦਰਜ ਕੀਤਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਪੰਜ ਸਾਲ ਪੰਜਾਬ ਵਿੱਚ ਖਜ਼ਾਨਾ ਮੰਤਰੀ ਰਹੇ ਪਰ ਸਰਕਾਰ ਕੋਲੋਂ ਇੱਕ ਚਾਹ ਦਾ ਕੱਪ ਵੀ ਨਹੀਂ ਪੀਤਾ ਤੇ ਨਾ ਹੀ ਕਿਸੇ ਨੂੰ ਪਿਆਇਆ।

ਸਾਬਕਾ ਮੰਤਰੀ ਨੇ ਦਾਅਵਾ ਕੀਤਾ ਕਿ ਦਰਅਸਲ ਸਰਕਾਰ ਖੁਦ ਪਸੰਦੀ ਦੇ ਵਿੱਚ ਇੰਨੀ ਫਸੀ ਹੋਈ ਹੈ ਕਿ ਇਹਨਾਂ ਨੂੰ ਆਪਣੇ ਨੱਕ ਤੋਂ ਅੱਗੇ ਕੁਝ ਦਿਖਾਈ ਨਹੀਂ ਦਿੰਦਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਪੰਜਾਬ ਨੂੰ ਮੁੜ ਪੈਰਾਂ ਉੱਤੇ ਖੜ੍ਹਾ ਕਰਨ ਵਾਸਤੇ ਮੌਕਾ ਦਿੱਤਾ ਹੈ, ਜਿਸ ਨੂੰ ਗਵਾਉਣਾ ਨਹੀਂ ਚਾਹੀਦਾ ਹੈ। ਦੱਸਣਯੋਗ ਹੈ ਕਿ ਹਾਈਕੋਰਟ ਵਿੱਚੋਂ ਜ਼ਮਾਨਤ ਮਿਲਣ ਤੋਂ ਬਾਅਦ ਸਾਬਕਾ ਮੰਤਰੀ ਅੱਜ ਦੂਜੀ ਵਾਰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ ਸਨ।

More News

NRI Post
..
NRI Post
..
NRI Post
..