ਪੱਤਰ ਪ੍ਰੇਰਕ : ਸੰਸਦ ਮੈਂਬਰ ਕਿਰਨ ਖੇਰ ਨਾਲ ਧੋਖਾਧੜੀ ਦੇ ਮਾਮਲੇ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੁਲਸ ਇਸ ਮਾਮਲੇ 'ਚ ਅੱਜ ਅਦਾਲਤ 'ਚ ਆਪਣੀ ਸਟੇਟਸ ਰਿਪੋਰਟ ਦਾਖਲ ਕਰੇਗੀ। ਇਸ ਤੋਂ ਬਾਅਦ ਅਦਾਲਤ ਆਪਣਾ ਫੈਸਲਾ ਦੇਵੇਗੀ। ਦੱਸ ਦੇਈਏ ਕਿ ਅਦਾਲਤ ਨੇ ਦੋਸ਼ੀ ਚੈਤੰਨਿਆ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਚੈਤੰਨਿਆ ਅਗਰਵਾਲ ਮਨੀਮਾਜਰਾ ਸਥਿਤ ਆਪਣੇ ਘਰ ਗਿਆ ਜਿੱਥੇ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਉਸ ਨੂੰ ਸੁਰੱਖਿਆ ਦਿੱਤੀ ਗਈ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਚੈਤੰਨਿਆ ਅਗਰਵਾਲ ਨੇ ਥਾਣੇ 'ਚ ਆਪਣਾ ਬਿਆਨ ਦਰਜ ਕਰਵਾਇਆ ਸੀ। ਇਸ ਸਬੰਧੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਕਿਰਨ ਖੇਰ ਤੋਂ 8 ਕਰੋੜ ਰੁਪਏ ਲਏ ਸਨ ਅਤੇ ਉਸ ਵਿੱਚੋਂ 2 ਕਰੋੜ ਰੁਪਏ ਵਾਪਸ ਕਰ ਦਿੱਤੇ ਸਨ। ਇਸ ਦੇ ਨਾਲ ਹੀ ਉਹ ਬਾਕੀ ਪੈਸੇ ਵੀ ਵਾਪਸ ਕਰ ਦੇਵੇਗਾ। ਉਸ ਨੇ ਦੋਸ਼ ਲਾਇਆ ਹੈ ਕਿ ਸੰਸਦ ਮੈਂਬਰ ਖੇਰ ਨੇ 1 ਦਸੰਬਰ ਨੂੰ ਉਸ ਨੂੰ ਘਰ ਬੁਲਾ ਕੇ ਪ੍ਰੇਸ਼ਾਨ ਕੀਤਾ ਸੀ। ਇਸ ਕਾਰਨ ਉਸ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸੰਸਦ ਮੈਂਬਰ ਖੇਰ ਨੇ ਉਨ੍ਹਾਂ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ।



