ਪੱਤਰ ਪ੍ਰੇਰਕ : ਮਨੁੱਖੀ ਤਸਕਰੀ ਦੀ ਜਾਂਚ ਲਈ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ 'ਤੇ ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀ.ਓ.ਆਈ.) ਦੇ ਡਾਇਰੈਕਟਰ ਅਤੇ ਏ.ਡੀ.ਜੀ.ਪੀ. ਐਲ.ਕੇ. ਯਾਦਵ ਨੇ ਨਿਕਾਰਾਗੁਆ ਮਨੁੱਖੀ ਤਸਕਰੀ ਮਾਮਲੇ ਨੂੰ ਲੈ ਕੇ 4 ਮੈਂਬਰੀ ਬੈਠਕ ਦਾ ਗਠਨ ਕੀਤਾ ਹੈ।
ਇਸ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਐੱਸ.ਪੀ. ਜਾਂਚ ਫਿਰੋਜ਼ਪੁਰ ਰਣਧੀਰ ਕੁਮਾਰ ਕਰ ਰਹੇ ਹਨ, ਜਦਕਿ ਇਸ ਦੇ ਤਿੰਨ ਮੈਂਬਰ ਏ.ਸੀ.ਪੀ. ਸਿਵਲ ਲਾਈਨ ਲੁਧਿਆਣਾ ਜਸਰੂਪ ਕੌਰ ਬਾਠ, ਡੀ.ਐਸ.ਪੀ. ਇਨਵੈਸਟੀਗੇਸ਼ਨ ਫ਼ਿਰੋਜ਼ਪੁਰ ਬਲਕਾਰ ਸਿੰਘ ਸੰਧੂ ਅਤੇ ਡੀ.ਐਸ.ਪੀ. ਹੈੱਡਕੁਆਰਟਰ ਪਟਿਆਲਾ ਦਲਬੀਰ ਸਿੰਘ ਸਿੱਧੂ ਸ਼ਾਮਲ ਹਨ।
ਐੱਸ.ਆਈ.ਟੀ. ਨੂੰ ਜਲਦੀ ਤੋਂ ਜਲਦੀ ਸਬੰਧਤ ਅਦਾਲਤ ਵਿੱਚ ਆਪਣੀ ਅੰਤਿਮ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। SIT ਇਸ ਮਾਮਲੇ ਵਿੱਚ ਸਹਾਇਤਾ ਲਈ ਕਿਸੇ ਹੋਰ ਅਧਿਕਾਰੀ/ਕਰਮਚਾਰੀ ਤੋਂ ਵੀ ਮਦਦ ਲੈ ਸਕਦੀ ਹੈ। ਵਰਣਨਯੋਗ ਹੈ ਕਿ ਨਿਕਾਰਾਗੁਆ ਮਨੁੱਖੀ ਤਸਕਰੀ ਮਾਮਲੇ ਵਿਚ ਵੱਖ-ਵੱਖ ਅਖਬਾਰਾਂ ਵਿਚ ਛਪੀਆਂ ਖਬਰਾਂ ਵਿਚ ਕਿਹਾ ਗਿਆ ਸੀ ਕਿ ਪੰਜਾਬ ਅਤੇ ਗੁਜਰਾਤ ਨਾਲ ਸਬੰਧਤ ਲਗਭਗ 303 ਯਾਤਰੀਆਂ ਨੂੰ ਫਰਾਂਸੀਸੀ ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ ਹੈ। ਐਲ.ਕੇ. ਯਾਦਵ ਨੇ ਕਿਹਾ ਕਿ ਨਿਕਾਰਾਗੁਆ ਮਨੁੱਖੀ ਤਸਕਰੀ ਦਾ ਮਾਮਲਾ ਬਹੁਤ ਗੰਭੀਰ ਹੈ, ਇਸੇ ਲਈ ਇਸ ਦੀ ਜਾਂਚ ਲਾਜ਼ਮੀ ਹੋ ਗਈ ਸੀ। ਜਾਂਚ ਟੀਮ ਦੇ ਮੈਂਬਰਾਂ ਨੂੰ ਇਸ ਮਾਮਲੇ ਦੀ ਜਾਂਚ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।



