ਗੌਤਮ ਅਡਾਨੀ ਬਣੇ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ : 8.12 ਲੱਖ ਕਰੋੜ ਰੁਪਏ ਦੀ ਕੁੱਲ ਜਾਇਦਾਦ ਨਾਲ ਅੰਬਾਨੀ ਨੂੰ ਛੱਡਿਆ ਪਿੱਛੇ
ਅਡਾਨੀ ਗਰੁੱਪ ਦੇ ਚੇਅਰਪਰਸਨ ਗੌਤਮ ਅਡਾਨੀ ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਦੇ ਹੋਏ ਇੱਕ ਵਾਰ ਫਿਰ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਸ਼ੇਅਰਾਂ 'ਚ ਵਾਧੇ ਕਾਰਨ ਗੌਤਮ ਅਡਾਨੀ ਨੇ ਵਿਸ਼ਵ ਰੈਂਕਿੰਗ 'ਚ ਚੋਟੀ ਦੇ 12 'ਚ ਆਪਣੀ ਜਗ੍ਹਾ ਬਣਾ ਲਈ ਹੈ, ਜਦਕਿ ਅੰਬਾਨੀ ਇਕ ਸਥਾਨ ਹੇਠਾਂ 13ਵੇਂ ਸਥਾਨ 'ਤੇ ਹਨ।
ਗੌਤਮ ਅਡਾਨੀ ਦੀ ਕੁੱਲ ਜਾਇਦਾਦ ਇਕ ਸਾਲ 'ਚ 13 ਅਰਬ ਡਾਲਰ (ਲਗਭਗ 1.08 ਲੱਖ ਕਰੋੜ ਰੁਪਏ) ਵਧ ਕੇ 97.6 ਅਰਬ ਡਾਲਰ (ਲਗਭਗ 8.12 ਲੱਖ ਕਰੋੜ ਰੁਪਏ) 'ਤੇ ਪਹੁੰਚ ਗਈ ਹੈ। ਜਦੋਂ ਕਿ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਇਸ ਸਾਲ 66.5 ਕਰੋੜ ਰੁਪਏ (ਕਰੀਬ 5 ਹਜ਼ਾਰ ਕਰੋੜ ਰੁਪਏ) ਵਧ ਕੇ 97 ਅਰਬ ਡਾਲਰ (ਕਰੀਬ 8.07 ਲੱਖ ਕਰੋੜ ਰੁਪਏ) ਹੋ ਗਈ ਹੈ।
ਐਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਹਨ। ਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ ਦੇ ਸੀਈਓ ਐਲੋਨ ਮਸਕ 18.31 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਹਨ। ਉਸ ਤੋਂ ਬਾਅਦ 14.06 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਅਤੇ ਤੀਜੇ ਸਥਾਨ 'ਤੇ LVMH ਦੇ ਬਰਨਾਰਡ ਅਰਨੌਲਟ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 13.98 ਲੱਖ ਕਰੋੜ ਰੁਪਏ ਹੈ।



