ਪੱਤਰ ਪ੍ਰੇਰਕ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਚਾਰ ਮਹੀਨਿਆਂ ਵਿਚ ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਦਾ ਜਹਾਜ਼ ਵਿਦੇਸ਼ੀ ਧਰਤੀ 'ਤੇ ਖਰਾਬ ਹੋ ਗਿਆ ਹੋਵੇ। ਪਿਛਲੇ ਸਾਲ ਸਤੰਬਰ ਵਿੱਚ ਜੀ-20 ਦੌਰਾਨ ਭਾਰਤ ਵਿੱਚ ਟਰੂਡੋ ਦਾ ਜਹਾਜ਼ ਖਰਾਬ ਹੋ ਗਿਆ ਸੀ, ਜਿਸ ਕਾਰਨ ਕੈਨੇਡੀਅਨ ਪੀਐਮ ਨੂੰ ਦੋ ਦਿਨ ਹੋਰ ਭਾਰਤ ਵਿੱਚ ਰਹਿਣਾ ਪਿਆ ਸੀ।
ਦਰਅਸਲ, ਕੈਨੇਡੀਅਨ ਪ੍ਰਧਾਨ ਮੰਤਰੀ 26 ਦਸੰਬਰ ਨੂੰ ਪਰਿਵਾਰਕ ਛੁੱਟੀਆਂ ਮਨਾਉਣ ਲਈ ਜਮੈਕਾ ਗਏ ਸਨ, ਜਿੱਥੇ ਉਹ ਆਪਣੇ ਪਰਿਵਾਰ ਨਾਲ ਇੱਕ ਰਿਜ਼ੋਰਟ ਵਿੱਚ ਰੁਕੇ ਸਨ, ਪਰ ਵੀਰਵਾਰ ਨੂੰ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦਾ ਜਹਾਜ਼ ਖਰਾਬ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਰੁਕਣਾ ਪਿਆ। ਇਸੇ ਜਹਾਜ਼ ਰਾਹੀਂ ਜਸਟਿਨ ਟਰੂਡੋ ਨੇ 4 ਜਨਵਰੀ ਨੂੰ ਵਾਪਸ ਆਉਣਾ ਸੀ। ਮੀਡੀਆ ਰਿਪੋਰਟ ਮੁਤਾਬਕ ਜਸਟਿਨ ਟਰੂਡੋ ਜਦੋਂ ਜਮੈਕਾ ਵਿੱਚ ਫਸ ਗਏ ਤਾਂ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਇੱਕ ਹੋਰ ਜਹਾਜ਼ ਰਵਾਨਾ ਕਰਨਾ ਪਿਆ। ਜਹਾਜ਼ ਵਿੱਚ ਇਹ ਨੁਕਸ 2 ਜਨਵਰੀ ਨੂੰ ਜਾਂਚ ਦੌਰਾਨ ਪਾਇਆ ਗਿਆ ਸੀ। ਇਸ ਤੋਂ ਬਾਅਦ ਜਸਟਿਨ ਟਰੂਡੋ ਨੂੰ ਲਿਆਉਣ ਲਈ ਕੈਨੇਡੀਅਨ ਏਅਰ ਫੋਰਸ ਨੂੰ ਆਪਣਾ ਜਹਾਜ਼ ਭੇਜਣਾ ਪਿਆ। ਉਨ੍ਹਾਂ ਦੇ ਜਹਾਜ਼ ਦਾ ਨਾਂ 'ਫਲਾਇੰਗ ਤਾਜ ਮਹਿਲ' ਰੱਖਿਆ ਗਿਆ ਹੈ।
ਕੈਨੇਡੀਅਨ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਟਰੂਡੋ ਦੀ ਵਾਪਸੀ ਵਿੱਚ ਸਹਾਇਤਾ ਲਈ ਰਾਇਲ ਕੈਨੇਡੀਅਨ ਏਅਰ ਫੋਰਸ ਦੇ ਦੋ ਸੀਸੀ-144 ਚੈਲੇਂਜਰ ਜਹਾਜ਼ ਜਮਾਇਕਾ ਲਈ ਰਵਾਨਾ ਕੀਤੇ ਗਏ ਹਨ। ਭਾਰਤ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਸਰਕਾਰੀ ਜਹਾਜ਼ ਖਰਾਬ ਹੋਇਆ ਹੈ ਅਤੇ ਉਸ ਨੂੰ ਵਾਪਸ ਲਿਆਉਣ ਲਈ ਫੌਜ ਦਾ ਜਹਾਜ਼ ਭੇਜਣਾ ਪਿਆ ਹੈ।



