ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਬਿਨਾਂ ਕਿਸੇ ਲਾਲਚ ਜਾਂ ਦਬਾਅ ਤੋਂ ਆਪਣੀ ਵੋਟ ਜਰੂਰ ਪਾਉਣ ਦੀ ਕੀਤੀ ਅਪੀਲ

by jagjeetkaur

ਨਵਾਂਸ਼ਹਿਰ- ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 01 ਜੂਨ ਵਾਲੇ ਦਿਨ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਦੇਸ਼ ਦੇ ਹਰੇਕ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਤਾਕਤ ਦਿੱਤੀ ਹੈ ਜਿਸ ਦੀ ਵਰਤੋਂ ਨਾਲ ਅਸੀਂ ਆਪਣੇ ਦੇਸ਼ ਦੀ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਸ ਲਈ ਸਾਨੂੰ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਨ ਤੋਂ ਕਦੇ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ ਅਤੇ ਆਪਣੀ ਵੋਟ ਦਾ ਜਰੂਰ ਇਸਤੇਮਾਲ ਕਰਨਾ ਚਾਹੀਦਾ ਹੈ। 

ਉਨਾ ਨੇ ਇਹ ਵੀ ਕਿਹਾ ਕਿ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ ਜਾਂ ਦਬਾਅ ਤੋਂ ਕਰਨਾ ਚਾਹੀਦਾ ਹੈ ਕਿਉਂਕਿ ਨਿਰਪੱਖ ਢੰਗ ਨਾਲ ਵੋਟਾਂ ਪਾ ਕੇ ਹੀ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਨ੍ਹਾਂ ਨੌਜਵਾਨ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਆਪਣੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨ ਤਾਂ ਕਿ ਵੱਧ ਤੋਂ ਵੱਧ ਦੀ ਵੋਟ ਪ੍ਰਤੀਸ਼ਤਤਾ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵੋਟ ਪਾਉਣ ਦਾ ਸਮਾਂ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਹੈ ਅਤੇ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਤੇ ਹੀਟ ਵੇਬ ਤੋਂ ਬਚਣ ਵਾਸਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਨੂੰ ਕਿਸੇ ਤਰਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਵੋਟਰਾਂ ਅਤੇ ਪੋਲਿੰਗ ਅਮਲੇ ਦੀ ਸਹੂਲਤ ਲਈ ਪੋਲਿੰਗ ਬੂਥਾਂ ’ਤੇ ਪੀਣ ਵਾਲਾ ਠੰਡਾ ਪਾਣੀ, ਸ਼ਾਮਿਆਨਾ, ਪੱਖੇ, ਕੁਰਸੀਆਂ ਆਦਿ ਦਾ ਪੁਖ਼ਤਾ ਇੰਤਜ਼ਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਦੀ ਸਹੂਲਤ ਲਈ ਵਹੀਲਚੇਅਰ, ਰੈਂਪ, ਆਵਾਜਾਈ ਅਤੇ ਵਲੰਟੀਅਰ ਵਰਗੀਆਂ ਸਹੂਲਤਾਂ ਮੌਜੂਦ ਰਹਿਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਬਜੁਰਗਾਂ, ਦਿਵਿਆਂਗ ਵੋਟਰਾਂ ਤੇ ਛੋਟੇ ਬੱਚਿਆਂ ਵਾਲੀਆਂ ਔਰਤਾਂ ਦੀ ਸਹਾਇਤਾ ਲਈ ਪੋਲਿੰਗ ਬੂਥਾਂ ਤੇ ਵਲੰਟੀਅਰਜ਼ ਵੀ ਤਾਇਨਾਤ ਕੀਤੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਨੂੰ ਵੋਟ ਪਾਉਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ।

More News

NRI Post
..
NRI Post
..
NRI Post
..