ਪੰਜਾਬ ‘ਚ ਮੁੜ ਬਦਲਿਆ ਸਕੂਲਾਂ ਦਾ ਸਮਾਂ

by nripost

ਚੰਡੀਗੜ੍ਹ (ਜਸਪ੍ਰੀਤ): ਵਧਦੀ ਠੰਢ ਦੇ ਮੱਦੇਨਜ਼ਰ ਪੰਜਾਬ ਸਰਕਾਰ (Punjab Govt) ਨੇ ਸਕੂਲਾਂ ਦੇ ਸਮੇਂ 'ਚ ਮੁੜ ਬਦਲਾਅ ਕੀਤਾ ਹੈ। ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਨਵੰਬਰ ਤੋਂ ਬਦਲ ਗਿਆ ਹੈ। ਸਕੂਲ ਸਵੇਰੇ 9 ਵਜੇ ਸ਼ੁਰੂ ਹੋਣਗੇ ਤੇ ਦੁਪਹਿਰ 3 ਵਜੇ ਛੁੱਟੀ ਹੋਵੇਗੀ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਭਰ 'ਚ 19 ਹਜ਼ਾਰ ਤੋਂ ਵੱਧ ਸਕੂਲ ਹਨ ਜਿਨ੍ਹਾਂ 'ਤੇ ਉਪਰੋਕਤ ਹੁਕਮ ਲਾਗੂ ਹੋਣਗੇ। 1 ਨਵੰਬਰ ਤੋਂ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਗਿਆ ਹੈ। ਪਰ ਸਕੂਲੀ ਬੱਚੇ 4 ਨਵੰਬਰ ਤੋਂ ਸਵੇਰੇ 9 ਵਜੇ ਸਕੂਲ ਜਾ ਸਕਣਗੇ ਕਿਉਂਕਿ 3 ਨਵੰਬਰ ਤਕ ਸਕੂਲਾਂ 'ਚ ਛੁੱਟੀ ਹੈ। ਦਰਅਸਲ, ਸੂਬੇ 'ਚ 31 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਅਤੇ 1 ਨਵੰਬਰ ਨੂੰ ਵਿਸ਼ਵਕਰਮਾ ਦੀ ਛੁੱਟੀ ਹੁੰਦੀ ਹੈ।

ਇਸ ਦੇ ਨਾਲ ਹੀ ਟਿੱਕੇ ਕਾਰਨ ਸ਼ਨਿਚਰਵਾਰ ਯਾਨੀ 2 ਨਵੰਬਰ ਨੂੰ ਛੁੱਟੀ ਹੋਵੇਗੀ ਤੇ 3 ਨਵੰਬਰ ਨੂੰ ਐਤਵਾਰ ਹੈ, ਇਸ ਲਈ ਸਕੂਲ ਸੋਮਵਾਰ ਯਾਨੀ 4 ਨਵੰਬਰ ਨੂੰ ਸ਼ੁਰੂ ਹੋਣਗੇ। ਪੰਜਾਬ 'ਚ ਸਕੂਲਾਂ ਦਾ ਸਮਾਂ ਇਕ ਸੈਸ਼ਨ 'ਚ 3 ਵਾਰ ਬਦਲਦਾ ਹੈ। 1 ਅਪ੍ਰੈਲ ਤੋਂ 30 ਸਤੰਬਰ ਤਕ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤਕ ਰਹਿੰਦਾ ਹੈ। 1 ਤੋਂ 31 ਅਕਤੂਬਰ ਤਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8.30 ਤੋਂ 2.30 ਵਜੇ ਤਕ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਤੋਂ 2.50 ਵਜੇ ਤੱਕ ਰਹਿੰਦਾ ਹੈ। ਇਸੇ ਤਰ੍ਹਾਂ 1 ਨਵੰਬਰ ਤੋਂ 28 ਫਰਵਰੀ ਤਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤਕ ਰਹਿੰਦਾ ਹੈ।

More News

NRI Post
..
NRI Post
..
NRI Post
..