ਵੈਨਕੂਵਰ (ਰਾਘਵ): ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਕਈ ਸਾਲਾਂ ਤੋਂ ਪਰਿਵਾਰਕ ਕੋਟੇ ਅਧੀਨ ਦਿੱਤੇ ਜਾ ਰਹੇ ਪਤੀ/ਪਤਨੀ (ਸਪਾਊਸ) ਅਤੇ ਬੱਚਿਆਂ ਦੇ ਵਰਕ ਪਰਮਿਟ ਵੀ 21 ਜਨਵਰੀ ਤੋਂ ਦੇਣੇ ਬੰਦ ਕੀਤੇ ਜਾ ਰਹੇ ਹਨ।
ਆਵਾਸ ਮੰਤਰੀ ਮਾਈਕ ਮਿਲਰ ਨੇ ਕਿਹਾ ਕਿ ਹੁਣ ਕੁਝ ਖਾਸ ਕਿੱਤਾਕਾਰ ਅਤੇ ਮਾਸਟਰ ਡਿਗਰੀ ਕਰ ਰਹੇ ਵਰਕ ਪਰਮਿਟਧਾਰਕ ਹੀ ਆਪਣੇ ਪਤੀ ਜਾਂ ਪਤਨੀ ਦੇ ਵਰਕ ਪਰਮਿਟ ਲੈਣ ਦੇ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਅਸਥਾਈ ਵਰਕ ਪਰਮਿਟ ਵਾਲੇ ਵੀ ਆਪਣੇ ਸਪਾਊਸ ਜਾਂ ਬੱਚਿਆਂ ਦੇ ਵਰਕ ਪਰਮਿਟ ਵਾਸਤੇ ਦਰਖਾਸਤ ਨਹੀਂ ਦੇ ਸਕਣਗੇ। ਹਾਲਾਂਕਿ 16 ਮਹੀਨੇ ਤੋਂ ਵੱਧ ਸਮੇਂ ਦੇ ਮਾਸਟਰ ਪ੍ਰੋਗਰਾਮ ਅਤੇ ਡਾਕਟਰੀ ਪ੍ਰੋਗਰਾਮਾਂ ਸਮੇਤ ਮੈਡੀਕਲ, ਕਾਨੂੰਨ ਅਤੇ ਨਰਸਿੰਗ ਵਰਗੇ ਚੋਣਵੇਂ ਕਿੱਤਿਆਂ ਵਿੱਚ ਅੰਡਰਗ੍ਰੈਜੂਏਟ ਪ੍ਰੋਗਰਾਮਾਂ ’ਚ ਦਾਖਲ ਹੋਏ ਵਿਦਿਆਰਥੀਆਂ ’ਤੇ ਨਵੇਂ ਹੁਕਮ ਲਾਗੂ ਨਹੀਂ ਹੋਣਗੇ।



