ਦੀਨਾਨਗਰ (ਰਾਘਵ) : ਦੱਸਿਆ ਗਿਆ ਹੈ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਦੀਨਾਨਗਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਦੋਰਾਂਗਲਾ ਥਾਣੇ ਦੇ ਪਿੰਡ ਤਾਜਪੁਰ ਨੇੜਿਓਂ ਪੁਲਸ ਨੇ ਤਿੰਨ ਨੌਜਵਾਨਾਂ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੋਰਾਂਗਲਾ ਥਾਣਾ ਮੁਖੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਕਿਸੇ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਇਲਾਕੇ 'ਚ ਤਿੰਨ ਨੌਜਵਾਨ ਘੁੰਮ ਰਹੇ ਹਨ। ਏ.ਐਸ.ਆਈ ਭੁਪਿੰਦਰ ਸਿੰਘ ਪੁਲਸ ਪਾਰਟੀ ਨਾਲ ਸ਼ਰਾਰਤੀ ਅਨਸਰਾਂ ਦੀ ਭਾਲ 'ਚ ਇਲਾਕੇ ਦੀ ਤਲਾਸ਼ੀ ਕਰ ਰਹੇ ਸਨ ਤਾਂ ਦੋਰਾਂਗਲਾ ਤੋਂ ਤਾਜਪੁਰ ਸਾਈਡ ਨੂੰ ਜਾਂਦੇ ਰਸਤੇ 'ਤੇ ਪੈਦਲ ਆ ਰਹੇ ਇਨ੍ਹਾਂ ਤਿੰਨ ਨੌਜਵਾਨਾਂ ਨੂੰ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ। ਮਾਮਲੇ ਵਿੱਚ ਮੁਲਜ਼ਮ ਸਲੀਮ ਦੇ ਸੱਜੇ ਡੱਬ ਵਿੱਚੋਂ ਇੱਕ ਨਾਜਾਇਜ਼ ਪਿਸਤੌਲ ਬਰਾਮਦ ਹੋਇਆ ਹੈ। ਪੁਲਿਸ ਨੇ ਤਫ਼ਤੀਸ਼ ਉਪਰੰਤ ਮੁਲਜ਼ਮ ਸਲੀਮ ਪੁੱਤਰ ਦਾਰ ਮਸੀਹ, ਹੈਪੀ ਮਸੀਹ ਪੁੱਤਰ ਸੱਤਾ ਮਸੀਹ ਵਾਸੀ ਆਦੀ ਅਤੇ ਗੁਰਮੀਤ ਮਸੀਹ ਪੁੱਤਰ ਤਰਸੇਮ ਮਸੀਹ ਵਾਸੀ ਕਲੇਰ ਕਲਾਂ ਥਾਣਾ ਸੇਖਵਾਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



